ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਅਤੇ ਬਲਾਕ ਪੱਧਰੀ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਨਾਲ ਸਾਲ 2023 ਦੌਰਾਨ ਪਰਾਲੀ ਦੇ ਪ੍ਰਬੰਧਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵਲੋਂ ਸਮੂਹ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਦੇ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਵਿਸਥਾਰ ਨਾਲ ਸੁਝਾਅ ਲਏ ਗਏ ਅਤੇ ਬਲਾਕ ਦੀ ਲੋੜ ਅਨੁਸਾਰ ਇਸ ਦੀ ਖਪਤ ਅਤੇ ਯੋਗ ਪ੍ਰਬੰਧਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਮੂਹ ਮੈਂਬਰਾਂ ਨੂੰ ਵੱਖ-ਵੱਖ ਸਨਅਤੀ ਇਕਾਈਆਂ, ਜਿਨ੍ਹਾਂ ਵਲੋਂ ਪਰਾਲੀ ਦੀ ਖਪਤ ਕੀਤੀ ਜਾਂਦੀ ਹੈ ਅਤੇ ਕਿਸਾਨ ਜੋ ਬੇਲਰ ਚਲਾ ਕੇ ਪਰਾਲੀ ਇੱਕਠੀ ਕਰਦੇ ਹਨ, ਦਾ ਆਪਸੀ ਤਾਲਮੇਲ ਅਤੇ ਸਹਿਯੋਗ ਹੋਰ ਵਧਾਉਣ ਉੱਤੇ ਜੋਰ ਦਿੱਤਾ ਗਿਆ ਤਾਂ ਜੋ ਪਰਾਲੀ ਪ੍ਰਬੰਧਨ ਨੂੰ ਭਵਿੱਖ ਵਿੱਚ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਉਨ੍ਹਾਂ ਵਲੋਂ ਬਲਾਕ ਵਿੱਚ ਮਸ਼ੀਨਰੀ ਦੀ ਲੋੜ, ਉਪਲਬਧ ਮਸ਼ੀਨਰੀ ਦੀ ਪੂਰਨ ਵਰਤੋਂ, ਵੱਖ-ਵੱਖ ਵਿਭਾਗਾਂ ਵਲੋਂ ਸਾਂਝੇ ਤੌਰ ’ਤੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ, ਬੇਲਰਾਂ ਵਲੋਂ ਇੱਕਠੀ ਕੀਤੀ ਗਈ ਪਰਾਲੀ ਨੂੰ ਡੰਪ ਕਰਨ ਲਈ ਲੋੜੀਂਦੀਆਂ ਥਾਵਾਂ ਉਪਲਬਧ ਕਰਵਾਉਣ ਸਬੰਧੀ ਕਈ ਨੁਕਤੇ ਵਿਚਾਰੇ ਗਏ। ਇੱਟਾਂ ਦੇ ਭੱਠਿਆਂ ਵਲੋਂ ਪਰਾਲੀ ਦੀ ਬਾਲਣ ਵਜੋਂ ਘੱਟੋ-ਘੱਟ 20 ਫੀਸਦੀ ਖਪਤ ਕਰਨ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਆਉਣ ਵਾਲੇ ਸੀਜ਼ਨ ਦੌਰਾਨ ਪਾਲਣਾ ਲਈ ਸਮੂਹ ਕਮੇਟੀ ਮੈਂਬਰਾਂ ਨੂੰ ਆਪਣੇ ਖੇਤਰ ਅਧੀਨ ਭੱਠਿਆਂ ਵਿੱਚ ਪਰਾਲੀ ਦੀ ਖਪਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਕਿਸਾਨਾਂ ਵਲੋਂ ਮਹਿਕਮੇ ਦੁਆਰਾ ਸਬਸਿਡੀ ’ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਯੋਗ ਵਰਤੋਂ, ਖੇਤਰ ਅਨੁਸਾਰ ਬੇਲਰ ਰਾਹੀਂ ਗੰਢਾਂ ਬਣਾ ਕੇ ਪ੍ਰਬੰਧਨ, ਪਸ਼ੂ ਚਾਰੇ ਵਜੋਂ ਵਰਤੋਂ ਆਦਿ ਦਾ ਪਰਾਲੀ ਪ੍ਰਬੰਧਨ ਦੀ ਮੁਹਿੰਮ ਵਿੱਚ ਇੱਕ ਅਹਿਮ ਹਿੱਸਾ ਦੱਸਿਆ। ਉਨ੍ਹਾਂ ਭਵਿੱਖ ਵਿੱਚ ਵੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਆਪਣਾ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਚਾਇਤੀ ਵਿਭਾਗ, ਸਹਿਕਾਰੀ ਸੁਸਾਇਟੀਆਂ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।