ਹੁਸ਼ਿਆਰਪੁਰ, 27 ਦਸੰਬਰ:ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਮਹਾਨ ਫ਼ਨਕਾਰ ਮੁਹੰਮਦ ਰਫ਼ੀ ਦਾ 99ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸੰਗੀਤ ਪ੍ਰੇਮੀਆਂ ਤੇ ਪਤਵੰਤਿਆਂ ਨੇ ਹੁੰਮ-ਹੁੰਮਾ ਕੇ ਹਾਜ਼ਰੀ ਭਰੀ। ਵਿਸ਼ੇਸ਼ ਮਹਿਮਾਨਾਂ ਤੇ ਪਤਵੰਤਿਆਂ ਵਲੋਂ ਸ਼ਮ੍ਹਾਂ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ।
ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ (ਪ੍ਰਬੰਧਕੀ ਅਫ਼ਸਰ) ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਮੁਹੰਮਦ ਰਫ਼ੀ ਦੇ ਜੀਵਨ ਅਤੇ ਸਫ਼ਲ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਫ਼ੀ ਸਾਹਿਬ ਮੌਸੀਕੀ ਦੇ ਥੰਮ ਅਤੇ ਸੰਗੀਤਕਾਰਾਂ ਲਈ ਚਾਨਣ ਮੁਨਾਰਾ ਹਨ। ਮਾਸਟਰ ਕੁਲਵਿੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੁਹੰਮਦ ਰਫ਼ੀ ਆਉਣ ਵਾਲੀਆਂ ਪੀੜ੍ਹੀਆਂ ਲਈ ਮਧੁਰ ਸੰਗੀਤ ਦਾ ਅਨਮੋਲ ਖ਼ਜ਼ਾਨਾ ਛੱਡ ਗਏ ਹਨ। ਅਸ਼ਵਨੀ ਦੱਤਾ ਨੇ ਕਿਹਾ ਕਿ ਰਫ਼ੀ ਵਰਗਾ ਲਾਸਾਨੀ ਫ਼ਨਕਾਰ ਜੁੱਗਾਂ-ਜੁੱਗਾਂਤਰਾਂ ਬਾਅਦ ਧਰਤੀ ਪੈਦਾ ਹੁੰਦਾ ਹੈ। ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਮੁਖੀ ਪ੍ਰੋ: ਹਰਜਿੰਦਰ ਅਮਨ ਨੇ ਕਿਹਾ ਕਿ ਸਦਾਬਹਾਰ ਫ਼ਨਕਾਰ ਮੁਹੰਮਦ ਰਫੀ ਇਕ ਨੇਕ ਇਨਸਾਨ ਸਨ, ਜੋ ਸੰਗੀਤ ਦੀਆਂ ਬੁਲੰਦੀਆਂ ਛੋਹ ਕੇ ਦੁਨੀਆਂ ਵਿਚ ਭਾਰਤ ਦੀ ਪਛਾਣ ਅਤੇ ਆਵਾਜ਼ ਬਣੇ। ਸੋਸਾਇਟੀ ਦੇ ਸੰਸਥਾਪਕ ਗੁਲਜ਼ਾਰ ਸਿੰਘ ਕਾਲਕੱਟ ਨੇ ਮਹਿਮਾਨਾ ਸਮੇਤ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਜੰਮਪਲ ਮੁਹੰਮਦ ਰਫ਼ੀ ਦੀ ਨਾਯਾਬ ਆਵਾਜ਼ ਨਾਲ ਮਨੁੱਖੀ ਹਿਰਦਿਆਂ ਵਿਚ ਸਕੂਨ ਭਰ ਜਾਂਦਾ ਹੈ।
ਇਸ ਮੌਕੇ ਸੰਗੀਤ ਦਾ ਮਨਮੋਹਕ ਦੌਰ ਚੱਲਿਆ ਅਤੇ ਸੁਰੀਲੇ ਕਲਾਕਾਰਾਂ ਨੇ ਮੁਹੰਮਦ ਰਫ਼ੀ ਦੇ ਸਦਾਬਹਾਰ ਨਗਮੇ ਪੇਸ਼ ਕਰਕੇ ਸਮਾਗਮ ਨੂੰ ਮੁਹੰਮਦ ਰਫ਼ੀ ਦੇ ਰੰਗ ਵਿਚ ਰੰਗ ਦਿੱਤਾ। ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਇਲਾਹੀ ਸ਼ਬਦ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਉਪਰੰਤ ਬੇਹਤਰੀਨ ਕਲਾਕਾਰ ਪ੍ਰੋ: ਹਰਜਿੰਦਰ ਅਮਨ, ਡਾ. ਵਿਜੇ ਸ਼ਰਮਾ, ਮਾਸਟਰ ਸੁਖਵਿੰਦਰ ਸਿੰਘ, ਡਾ. ਹਰਜਿੰਦਰ ਓਬਰਾਏ, ਮਨਜਿੰਦਰ ਸਿੰਘ, ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਸਮੇਤ ਹੋਰਨਾਂ ਨੇ ਰਫ਼ੀ ਸਾਹਿਬ ਦੇ ਗਾਏ ਧਾਰਮਿਕ, ਅਧਿਆਤਮਕ, ਸਮਾਜਿਕ ਤੇ ਨਿਰੋਲ ਸਭਿਆਚਾਰਕ ਨਗਮੇ ਭਾਵਪੂਰਨ ਢੰਗ ਲਾਲ ਪੇਸ਼ ਕੀਤੇ। ਨਿਪੁੰਨ ਤਬਲਾ ਵਾਦਕ ਮਨਜਿੰਦਰ ਸਿੰਘ ਨੇ ਕਲਾਕਾਰਾਂ ਦੀ ਬਾਖੂਬੀ ਸੰਗਤ ਕੀਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜੰਗਲਾਤ ਅਫ਼ਸਰ ਜੀਵਨ ਲਾਲ, ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ, ਡਾ. ਮਨੋਹਰ ਲਾਲ ਜੌਲੀ, ਐਡਵੋਕੇਟ ਹਨੀ ਕੁਮਾਰ ਆਜ਼ਾਦ, ਸੁਖਚੈਨ ਸਿੰਘ ਰਾਏ, ਹੰਸ ਰਾਜ ਮੈਨੇਜਰ, ਕੁਲਵੰਤ ਸਿੰਘ, ਡਾ. ਵਿਜੇ ਸ਼ਰਮਾ, ਪ੍ਰੋ. ਪੰਕਜ ਸ਼ਰਮਾ, ਪ੍ਰੋ. ਨਵੀਨ ਕੁਮਾਰ, ਪ੍ਰੋ. ਰਵਿੰਦਰ ਸਿੰਘ, ਡਾ. ਹਰਮਿੰਦਰ ਸਿੰਘ ਧਾਮੀ, ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।