ਮੁੱਖ ਮੰਤਰੀ ਵੱਲੋਂ ਕੋਰੋਨਾ ਨਾਲ ਲੜਣ ਲਈ ਮਿਸ਼ਨ ਫਤਹਿ 2.0 ਤਹਿਤ ਨੌਜਵਾਨ ਵਲੰਟੀਅਰਾਂ ਦੀ ਸ਼ਮੂਲੀਅਤ ਵਾਲੀ ਨਿਵੇਕਲੀ ਪਹਿਲਕਦਮੀ ਸ਼ੁਰੂ |

पठानकोट

ਪਠਾਨਕੋਟ, 27 ਮਈ 2021 ( ਨਿਊਜ਼ ਹੰਟ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇੱਕ ਨਵੀਂ ਸ਼ੁਰੂਆਤ ਕੀਤੀ ਤਾਂ ਜੋ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਦੇ ਹਿੱਸੇ ਵਜੋਂ ਸੂਬੇ ਦੇ ਮਿਸ਼ਨ ਫਤਹਿ 2.0 ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਵੱਲੋਂ ਅੱਜ ਪੂਰੇ ਪੰਜਾਬ ਅੰਦਰ ਇੱਕ ਵਰਚੁਅਲ ਪ੍ਰੋਗਰਾਮ ਰਾਹੀਂ ਪੰਜਾਬ ਵਾਸੀਆਂ ਨੂੰ ਸੰਬੋਧਨ ਵੀ ਕੀਤਾ ਗਿਆ ਇਸ ਦੇ ਤਹਿਤ ਹੀ ਜਿਲ੍ਹਾ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤਾ ਗਿਆ ਅਤੇ ਜਿਲ੍ਹੇ ਅੰਦਰ ਵੱਖ ਵੱਖ ਸਕੂਲਾਂ ਅੰਦਰ ਵੀ ਇਹ ਵਰਚੁਅਲ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ ਕੋਰੋਨਾ ਦੀ ਮਹਾਂਮਾਰੀ ਨਾਲ ਲੜਣ ਲਈ ਹਰੇਕ ਪਿੰਡ ਜਾਂ ਹਰੇਕ ਮਿਊਂਸਪਲ ਵਾਰਡ ਵਿੱਚ ਸੱਤ ਰੂਰਲ ਕੋਰੋਨਾ ਵਲੰਟੀਅਰ (ਆਰ.ਸੀ.ਵੀ.) ਸਮੂਹ ਕਾਇਮ  ਕੀਤੇ ਜਾਣਗੇ।
ਇਸ ਮੋਕੇ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ  ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪੁਨੀਤ ਪਿੰਟਾ ਚੇਅਰਮੈਨ ਪੰਜਾਬ ਟ੍ਰੇਡਰ ਬੋਰਡ ਐਕਸਾਈਜ ਐਂਡ ਟੈਕਸੇਸ਼ਨ, ਪੂਨਮ ਠਾਕੁਰ ਮੈਂਬਰ ਯੂਥ ਡਿਵੈਲਪਮੈਂਟ ਬੋਰਡ, ਰਾੱਕੀ ਮਹਿਰਾ ਐਨ.ਐਸ.ਵੀ. ਨਹਿਰੂ ਯੂਵਾ ਕੇਂਦਰ ਗੁਰਦਾਸਪੁਰ, ਸਿਧਾਰਥ ਐਨ.ਐਨ.ਐਸ. ਪ੍ਰੋਗਰਾਮ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਸਤੀਸ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ, ਇਸੇ ਹੀ ਤਰ੍ਹਾਂ ਮਲਿਕਪੁਰ ਸਕੂਲ ਵਿੱਚ ਸ੍ਰੀ ਜੋਗਿੰਦਰ ਪਾਲ ਵਿਧਾਇੱਕ ਹਲਕਾ ਪਠਾਨਕੋਟ ਵਿਸੇਸ ਤੋਰ ਤੇ ਹਾਜ਼ਰ ਹੋਏ ਇੱਥੇ ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸ਼ਰ ਸੈਕੰਡਰੀ, ਰਾਜੇਸਵਰ ਸਲਾਰੀਆਂ ਉਪ ਜਿਲ੍ਹਾ ਸਿੱਖਿਆ ਅਫਸ਼ਰ , ਬਲਕਾਰ ਅੱਤਰੀ ਜਿਲ੍ਹਾ ਮੀਡੀਆ ਸੈਲ ਕੋਆਰਡੀਨੇਟਰ, ਬ੍ਰਿਜ ਰਾਜ ਅਤੇ ਹੋਰ ਹਾਜ਼ਰ ਸਨ।
ਵਰਚੁਅਲ ਪ੍ਰੋਗਰਾਮ ਦੋਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਦੇ ਬੁਰੀ ਤਰਾਂ ਪ੍ਰਭਾਵਿਤ ਹੋਣ ਨੂੰ ਦੇਖਦਿਆਂ ਹੋਏ ‘ਕੋਰੋਨਾ ਮੁਕਤ ਪਿੰਡ’ ਲਈ ਇੱਕ ਸੁਚੱਜੀ ਮੁਹਿੰਮ ਚਲਾਈ ਜਾਵੇਗੀ। ਉਨਾਂ ਖੇਡ ਤੇ ਯੁਵਾ ਮਾਮਲੇ ਵਿਭਾਗ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਅਜਿਹੇ ਆਰ.ਸੀ.ਵੀ. ਸਮੂਹ ਤੁਰੰਤ ਕਾਇਮ ਕੀਤੇ ਜਾਣ ਜੋ ਕਿ ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੂਹਾਂ ਨੂੰ ਪਿੰਡਾਂ ਅੰਦਰ ਜਾਗਰੁਕਤਾ ਫੈਲਾਉਂਣ ਦੇ ਚਲਦਿਆਂ ਸਪੋਰਟਸ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਭਰਪੂਰ ਹੁੰਗਾਰੇ ਸਦਕਾ ਹੀ ਤਿੰਨ ਹਫਤਿਆਂ ਦੌਰਾਨ ਸੂਬੇ ਵਿਚ ਕੋਵਿਡ ਦੇ ਮਾਮਲੇ 9,000 ਤੋਂ ਘਟ ਕੇ 4,000 ਤੱਕ ਹੀ ਰਹਿ ਗਏ ਹਨ ਪਰ ਇਸ ਵਾਰ ਪੇਂਡੂ ਖੇਤਰਾਂ ਉੱਤੇ ਕੋਵਿਡ ਦੀ ਜ਼ਿਆਦਾ ਮਾਰ ਹੋਣ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ।
ਉਨ੍ਹਾਂ ਵੱਲੋਂ ਆਰ.ਸੀ.ਵੀਜ਼ ਨੂੰ ਟੈਸਟ, ਟਰੇਸ ਤੇ ਟਰੀਟ (ਜਾਂਚ, ਭਾਲ ਤੇ ਇਲਾਜ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਗਰੀਬ ਅਤੇ ਬਜ਼ੁਰਗ ਵਿਅਕਤੀਆਂ ਦੀ ਸੰਭਾਲ ਕਰਦੇ ਹੋਏ ਉਨਾਂ ਦੀ ਕੋਵਿਡ ਕੰਟਰੋਲ ਰੂਮ ਅਤੇ ਹੈਲਪਲਾਈਨਾਂ ਤੱਕ ਪਹੁੰਚ ਆਸਾਨ ਬਣਾਉਣ, ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ, ਕੋਵਿਡ ਤੋਂ ਬਚਾਅ ਲਈ ਸਭ ਨਿਯਮਾਂ ਦਾ ਪਾਲਣ ਕਰਨ, ਚੰਗੀਆਂ ਇਲਾਜ ਸੁਵਿਧਾਵਾਂ ਹਾਸਲ ਕਰਨ ਵਿਚ ਪੇਂਡੂ ਲੋਕਾਂ ਦੀ ਮਦਦ ਕਰਨ, ਨੀਮ ਹਕੀਮਾਂ ਤੋਂ ਦੂਰ ਰਹਿਣ, ਕੋਵਾ ਐਪ ਡਾਊਨਲੋਡ ਕਰਨ ਤੋਂ ਇਲਾਵਾ ਬੈਨਰ ਅਤੇ ਕਿਤਾਬਚਿਆਂ ਆਦਿ ਪੇਸ਼ਕਦਮੀਆਂ ਦਾ ਦਾਇਰਾ ਵਧਾ ਕੇ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ।
ਉਨ੍ਹਾਂ ਕਿਹਾ ਕਿ ਯੁਵਾ ਮਾਮਲੇ ਵਿਭਾਗ ਵੱਲੋਂ 1 ਲੱਖ ਬੈਜ ਅਤੇ 1 ਲੱਖ ਕਾਰ ਸਟਿੱਕਰ, ਜਿਨਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੋਵੇ, ਵੰਡੇ ਜਾਣ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਉਨਾਂ ਆਰ.ਸੀ.ਵੀਜ਼ ਨੂੰ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਕਰਵਾ ਲੈਣ ਮਗਰੋਂ ਇਸ ਜਾਣਕਾਰੀ ਦਾ ਖੁਲਾਸਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਹੋਰ ਲੋਕ ਵੀ ਟੀਕਾਕਰਨ ਲਈ ਅੱਗੇ ਆ ਸਕਣ।
ਇਸ ਵਰਚੁਅਲ ਸਮਾਗਮ ਦੋਰਾਨ ਨੌਜਵਾਨ ਵਰਗ ਵਿਚ ਹਰਮਨਪਿਆਰੇ ਅਤੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂੰ ਕਰਵਾਏ ਜਾਣ ਦਾ ਸੱਦਾ ਦਿੱਤਾ।
ਇਸ ਮੋਕੇ ਤੇ ਪੁਨੀਤ ਪਿੰਟਾ ਚੇਅਰਮੈਨ ਪੰਜਾਬ ਟ੍ਰੇਡਰ ਬੋਰਡ ਐਕਸਾਈਜ ਐਂਡ ਟੈਕਸੇਸ਼ਨ, ਪੂਨਮ ਠਾਕੁਰ ਮੈਂਬਰ ਯੂਥ ਡਿਵੈਲਪਮੈਂਟ ਬੋਰਡ, ਰਾੱਕੀ ਮਹਿਰਾ ਅਤੇ  ਸਿਧਾਰਥ ਚੰਦਰ ਨੇ ਸਾਂਝੇ ਤੋਰ ਤੇ ਕਿਹਾ ਕਿ ਕਰੋਨਾ ਮੁਕਤ ਪੰਜਾਬ ਬਣਾਉਂਣ ਦੇ ਲਈ ਨੋਜਵਾਨ ਪੀੜੀ ਨੂੰ ਅੱਗੇ ਆਉਂਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਪ੍ਰਸੰਸਾ ਯੋਗ ਹੈ ਅਤੇ ਉਹ ਭਰੋਸਾ ਦਿਲਾਉਂਦੇ ਹਨ ਕਿ ਜਿਲ੍ਹਾ ਪਠਾਨਕੋਟ ਦੇ ਜਿਆਦਾ ਤੋਂ ਜਿਆਦਾ ਨੋਜਵਾਨਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਮਲਿਕਪੁਰ ਸਕੂਲ ਵਿਖੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਜਿਲ੍ਹੇ ਨੂੰ ਕਰੋਨਾ ਮੁਕਤ ਬਣਾਉਂਣ ਲਈ ਸਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਦਾ ਜਾਗਰੁਕ ਹੋਣਾ ਤੇ ਅੱਗੇ ਆਉਂਣਾ ਬਹੁਤ ਹੀ ਲਾਜਮੀ ਹੈ, ਉਨ੍ਹਾਂ ਕਿਹਾ ਕਿ ਨੋਜਵਾਨ ਪੀੜੀ ਅਗਰ ਜਾਗਰੁਕ ਹੁੰਦੀ ਹੈ ਤਾਂ ਜਿਲ੍ਹੇ ਨੂੰ ਕਰੋਨਾ ਮੁਕਤ ਬਹੁਤ ਜਲਦੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ।

Leave a Reply

Your email address will not be published. Required fields are marked *