ਸਿਵਲ ਹਸਪਤਾਲ ਦਾ ਕੋਵਿਡ ਵਾਰਡ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ : ਸੁੰਦਰ ਸ਼ਾਮ ਅਰੋੜਾ

पंजाब होशियारपुर

ਹੁਸ਼ਿਆਰਪੁਰ, 27 ਮਈ:  ( ਨਿਊਜ਼ ਹੰਟ )

ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਨੂੰ ਹਰ ਲੋੜੀਂਦੀ ਸਿਹਤ ਸਹੂਲਤ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਬਣੇ 125 ਬੈਡਾਂ ਵਾਲੇ ਵਾਰਡ ਦੇ ਦੌਰੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸਿਵਲ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਹਰ ਆਧੁਨਿਕ ਸਿਹਤ ਸੇਵਾ ਯਕੀਨੀ ਬਣਾ ਰਹੀ ਹੈ।
ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਵਰਧਮਾਨ ਯਾਰਨਜ਼ ਅਤੇ ਥਰੈਡਜ਼ ਵਲੋਂ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਕੋਵਿਡ ਵਾਰਡ ਨੂੰ ਆਧੁਨਿਕ ਮਸ਼ੀਨਾਂ ਉਪਲਬੱਧ ਕਰਵਾਉਣ ਦੇ ਨਾਲ-ਨਾਲ ਪੂਰੇ ਵਾਰਡ ਨੂੰ ਏਅਰ ਕੰਡੀਸ਼ਨਡ ਕਰਵਾਉਣ ਲਈ ਕੰਪਨੀ ਦਾ ਧੰਨਵਾਦ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਆਦਿ ਵਲੋਂ ਕੋਰੋਨਾ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਜਿਹੜੀ ਕਿ ਸ਼ਲਾਘਾਯੋਗ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸਮੇਤ ਕੋਵਿਡ ਵਾਰਡ ਦਾ ਦੌਰਾ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਵਾਰਡ ਵਿੱਚ ਐਕਸਰੇ-ਮਸ਼ੀਨ, ਫੋਟੋਥਰੈਪੀ ਮਸ਼ੀਨ, ਹੇਮਾਟੋਲੋਜੀ ਐਨਾਲਾਈਜ਼ਰ, ਪੇਸ਼ੈਂਟ ਮੋਨੀਟਰ, ਓਪਰੇਸ਼ਨ ਥੀਏਟਰ ਟੇਬਲ ਆਦਿ ਸਹੂਲਤਾਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਨਾਲ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਵਲੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ 4 ਮੋਬਾਇਲ ਵੈਨਾਂ ਸੌਂਪੀਆਂ ਜਾ ਚੁੱਕੀਆਂ ਹਨ ਜਿਹੜੀਆਂ ਕਿ ਪਿੰਡਾਂ ਵਿੱਚ ਕੋਵਿਡ ਵੈਕਸੀਨ ਅਤੇ ਟੈਸਟਿੰਗ ਯਕੀਨੀ ਬਣਾ ਰਹੀਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ-2 ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਮਰੀਜਾਂ ਨੂੰ ਹਰ ਸੰਭਵ ਸਿਹਤ ਸੇਵਾ ਅਤੇ ਮਦਦ ਲਈ ਤੱਤਪਰ ਹੈ ਜਿਸ ਤਹਿਤ ਪੇਂਡੂ ਖੇਤਰਾਂ ਵਿੱਚ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਵਿਸ਼ੇਸ਼ ਟੀਕਾਕਰਨ ਅਤੇ ਟੈਸਟਿੰਗ ਮੁਹਿੰਮ ਜੰਗੀ ਪੱਧਰ ’ਤੇ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਸ਼ਿਆਰਪੁਰ ਦੀਆਂ ਕਈ ਪੰਚਾਇਤਾਂ ਵਲੋਂ 100 ਫੀਸਦੀ ਟੀਕਾਕਰਨ ਕਰਵਾ ਲਿਆ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਦੀ ਸਲਾਹੁਤਾ ਕਰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਇਹ ਟੀਮਾਂ 24×7 ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਸਿਵਲ ਹਸਪਤਾਲ ਵਿੱਚ ਲੈਵਲ-1 ਅਤੇ ਲੈਵਲ-2 ਦੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੈਵਲ-3 ਦੇ ਮਰੀਜਾਂ ਦੇ ਇਲਾਜਾ ਅਤੇ ਸੁਚੱਜੀ ਦੇਖਭਾਲ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।
ਲੋਕਾਂ ਨੂੰ ਕੋਵਿਡ ਸਲਾਹਕਾਰੀਆਂ ਮੰਨਣ, ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਜਾਣ ਅਤੇ ਭੀੜ-ਭਾੜ ਵਾਲੀਆਂ ਥਾਵਾਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਕੋਵਿਡ ਨੂੰ ਆਸਾਨੀ ਨਾਲ ਮਾਤ ਦਿੱਤੀ ਜਾ ਸਕਦੀ ਹੈ ਜਿਸ ਲਈ ਹਰੇਕ ਨੂੰ ਲੋੜੀਂਦੀ ਅਹਿਤਿਆਤ ਵਰਤਣੀ ਜ਼ਰੂਰੀ ਹੈ।
ਇਸ ਮੌਕੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਚੇਅਰਮੈਨ ਫਾਈਨਾਂਸ ਕਮੇਟੀ ਬਲਵਿੰਦਰ ਕੁਮਾਰ ਬਿੰਦੀ, ਵਰਧਮਾਨ ਯਾਰਨਜ਼ ਐਂਡ ਥਰੈਡਜ ਦੇ ਡਾਇਰੈਕਟਰ ਤਰੁਨ ਚਾਵਲਾ, ਵਾਈਸ ਪ੍ਰਧਾਨ ਆਈ.ਆਰ. ਜੇ.ਪੀ. ਸਿੰਘ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *