ਮਜ਼ਦੂਰਾਂ ਦੀ ਸੰਭਾਵਤ ਘਾਟ ਦੇ ਮੱਦੇ ਨਜ਼ਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਹੇਠ ਕੁਝ ਰਕਬਾ ਲਿਆਂਦਾ ਜਾਵੇ : ਡਾ.ਅਮਰੀਕ ਸਿੰਘ

पठानकोट ब्रेकिंग न्यूज़

ਪਠਾਨਕੋਟ: 3 ਜੂਨ 2021 ( ਨਿਊਜ਼ ਹੰਟ ) – ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਜਗਤਪੁਰ ਜੱਟਾਂ ਦੇ ਕੁਲਦੀਪ ਸਿੰਘ ਕਿਸਾਨ ਸਿੰਘ ਦੇ ਖੇਤਾਂ ਵਿੱਚ ਸਮਾਜ ਸੇਵਕ ਸਤਵਿੰਦਰ ਸਿੰਘ ਲੱਕੀ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ, ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ ( ਆਤਮਾ) ਤਹਿਤ ਲਗਾਇਆ ਗਿਆਂ। ਇਸ ਮੌਕੇ ਡਾ.ਅਮਰੀਕ ਸਿੰਘ ਇੰਚਾਰਜ ਬਲਾਕ ਤਕਨਾਲੌਜੀ ਟੀਮ ਕਮ-ਬਲਾਕ ਖੇਤੀਬਾੜੀ ਅਫਸਰ,ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਬਲਬੀਰ ਸਿੰਘ,ਸਤਿਆਪਾਲ,ਬਲਵਿੰਦਰ ਸਿੰਘ,ਲਖਵਿੰਦਰ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ,ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ, ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਬਦਲ ਹੈ।ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿਚ ਸਿੱਧੀ ਬਿਜਾਈ ਨਾਲ ਕਾਸਤ ਕੀਤੀ ਝੋਨੇ ਦੀ ਫਸਲ ਚੰਗਾ ਝਾੜ ਅਤੇ ਮਿਆਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਜੋ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦਾ ਹੈ ਉਹ ਖੇਤੀ ਮਾਹਿਰਾਂ ਨਾਲ ਸੰਪਰਕ ਕਰੇ ਤਾਂ ਜੋ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ ਅਤੇ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆਂ ਦਾ ਸਾਹਮਣਾ ਨਾਂ ਕਰਨਾ ਲਵੇ। ਉਨ੍ਹਾਂ ਕਿਹਾ ਕਿ ਕੋਵਿਡ 19 ਕਾਰਨ ਮਜ਼ਦੂਰਾਂ ਦੀ ਘਾਟ ਅਤੇ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨਾ ਲਾਉਣ ਦੀ ਤਾਰੀਕ 10 ਜੂਨ ਮਿਥੀ ਗਈ ਹੈ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਿਸੇ ਵੀ ਹਾਲਤ ਵਿੱਚ ਨਾਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 20-21 ਬਾਅਦ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਤਰਵੱਤਰ ਵਿੱਚ ਬਿਜਾਈ ਕਰਨ ਉਪਰੰਤ ਪਾਣੀ ਦੇਰ ਨਾਲ ਲਗਾਉਣ ਝੋਨੇ ਦੇ  ਬੂਟੇ ਦੀਆਂ ਜੜਾਂ ਡੂੰਘੀਆਂ ਜਾਂਦੀਆ ਹਨ ਜਿਸ ਨਾਲ ਛੋਟੇ ਤੱਤਾਂ ਦੀ ਘਾਟ ਨਹੀਂ ਆਉਂਦੀ ਅਤੇ ਪਾਣੀ ਦੀ ਬੱਚਤ ਵੀ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਬਿਜਾਈ ਕਰਨ  ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ 24 ਗ੍ਰਾਮ ਸਪਰਿੰਟ ਦਵਾਈ ਨੂੰ 100 ਮਿਲੀ ਲਿਟਰ ਪਾਣੀ ਵਿੱਚ ਘੋਲ ਕੇ 8 ਕਿਲੋ ਨੂੰ ਲੇਪ ਕਰ ਦੇਣਾ ਚਾਹੀਦਾ।ਸ਼੍ਰੀ ਸੁਭਾਸ਼  ਚੰਦਰ ਨੇ ਕਿਹਾ ਕਿ  ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਛਿੜਕਾਅ ਬਿਜਾਈ ਤੋਂ 15-25 ਦਿਨਾਂ ਬਾਅਦ ਕਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਇਸ ਵਿਧੀ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਕਈ ਕਿਸਾਨ ਪਹਿਲੀ ਵਾਰ ਇਸ ਵਿਧੀ ਨੂੰ ਅਪਣਾ ਰਹੇ ਹਨ ਇਸ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨਾਂ ਆਵੇ।
ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਤਸ਼ਾਹਿਤ ਕਰਨ ਸਦਕਾ ਇੱਕ ਏਕੜ ਰਕਬੇ ਵਿੱਚ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਤਜ਼ਰਬਾ  ਸਫਲ ਰਿਹਾ ਤਾਂ ਅਗਲੇ ਸਾਲ ਸਾਰੇ ਰਕਬੇ ਵਿੱਚ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *