ਕੌਮੀ ਵਜੀਫ਼ਾ ਪ੍ਰੀਖਿਆ ਵਿੱਚ ਹੁਸ਼ਿਆਰਪੁਰ ਜਿਲ੍ਹੇ ਦੀ ਸ਼ਾਨਦਾਰ ਕਾਰਗੁਜ਼ਾਰੀ

होशियारपुर

ਹੁਸ਼ਿਆਰਪੁਰ, 6 ਜੂਨ:  ( ਨਿਊਜ਼ ਹੰਟ )
ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਜਿਲ੍ਹਾ, ਬਲਾਕ ਅਤੇ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਐਨ. ਐੱਮ. ਐੱਮ. ਐੱਸ. ਦੀ ਤਿਆਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਨਤੀਜੇ ਸਦਕਾ ਪੰਜਾਬ ਦੇ ਵਿੱਚੋਂ 2210 ਵਿਦਿਆਰਥੀ ਇਸ ਸਕਾਲਰਸ਼ਿਪ ਪ੍ਰੀਖਿਆ ਨੂੰ ਪਾਸ ਕਰਕੇ ਸਫ਼ਲ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਵਜੀਫ਼ਾ ਮਿਲਣਯੋਗ ਹੈ।
ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਵੱਕਾਰੀ ਪ੍ਰੀਖਿਆ ਵਿੱਚ ਕੋਵਿਡ-19 ਮਹਾਂਮਾਰੀ ਵਰਗੀ ਚੁਨੌਤੀ ਦੇ ਬਾਵਜੂਦ ਇਸ ਸਾਲ ਜਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਇਸ ਪ੍ਰੀਖਿਆ ਵਿੱਚ ਵੱਡੇ ਪੱਧਰ ਤੇ ਭਾਗ ਲਿਆ ਗਿਆ ਅਤੇ ਅੱਜ ਐਲਾਨੇ ਨਤੀਜੇ ਅਨੁਸਾਰ 159 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਸ਼ਾਨਦਾਰ ਅੰਕ ਲੈ ਕੇ ਕਾਮਯਾਬ ਹੋਏ ਹਨ ਅਤੇ ਇਹ ਮਾਣਮੱਤੀ ਸਫ਼ਲਤਾ ਹਾਸਿਲ ਕਰਨ ਵਿੱਚ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਭਰ ਵਿੱਚ ਤੀਜੇ ਸਥਾਨ ਤੇ ਰਿਹਾ।
ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹੇ ਦੇ ਡੀ. ਐਮ. ਸਾਹਿਬਾਨ ਵੱਲੋਂ ਬਲਾਕ ਮੈਂਟਰਜ਼ ਰਾਹੀਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਬਾਕਾਇਦਾ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਪ੍ਰਤੀ ਪ੍ਰੇਰਿਤ ਕਰਦਿਆਂ ਜ਼ੂਮ ਕਲਾਸਾਂ ਰਾਹੀਂ ਸਿਖਲਾਈ ਵੀ ਪ੍ਰਦਾਨ ਕੀਤੀ ਗਈ। ਵਿਭਾਗ ਵੱਲੋਂ ਭੇਜੀਆਂ ਰੋਜ਼ਾਨਾ ਅਸਾਈਨਮੈਂਟਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ।
ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਕਿਹਾ ਕਿ ਅਜਿਹੀਆਂ ਵੱਕਾਰੀ ਪ੍ਰੀਖਿਆਵਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਵਿੱਚ ਉਸਾਰੂ ਮੁਕਾਬਲੇਬਾਜ਼ੀ ਦੀ ਭਾਵਨਾ ਵਿਕਸਿਤ ਹੁੰਦੀ ਹੈ ਅਤੇ ਆਰਥਿਕ ਪੱਖੋਂ ਕਮਜ਼ੋਰ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਅੱਗੇ ਵਧਣ ਦੇ ਬੇਮਿਸਾਲ ਮੌਕੇ ਪੈਦਾ ਹੁੰਦੇ ਹਨ।

Leave a Reply

Your email address will not be published. Required fields are marked *