ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ, ਕਿਸਾਨਾਂ ਨੂੰ ਫ਼ਸਲੀ ਚੱਕਰ ’ਚੋਂ ਨਿਕਲਣ ਦਾ ਸੱਦਾ : ਅਪਨੀਤ ਰਿਆਤ

पंजाब होशियारपुर

ਹੁਸ਼ਿਆਰਪੁਰ, 16 ਜੂਨ ( ਨਿਊਜ਼ ਹੰਟ ) :

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੱਕੀ, ਤੇਲ ਬੀਜਾਂ, ਦਾਲਾਂ ਆਦਿ ਦੀ ਕਾਸ਼ਤ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ’ਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿੰਡ ਚੋਹਾਲ ਅਤੇ ਸਲੇਰਨ ਵਿਖੇ ਸੇਬਾਂ ਦੀ ਪਿਛਲੇ ਇਕ ਦਹਾਕੇ ਤੋਂ ਸਫ਼ਲ ਕਾਸ਼ਤ ਕਰ ਰਹੇ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ ਬਾਜਵਾ ਅਤੇ ਹਰਮਨ ਰੰਧਾਵਾ ਦੇ ਫਾਰਮ ਦੇ ਦੌਰੇ ਦੌਰਾਨ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੀਆਂ ਟੀਮਾਂ ਵਲੋਂ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਵਧੀਆ ਢੰਗ ਨਾਲ ਲਾਗੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਦਰਪੇਸ਼ ਮੁਸ਼ਕਲਾਂ ਦੇ ਸੰਦਰਭ ’ਚ ਫ਼ਸਲੀ ਵਿਭਿੰਨਤਾ ਨੂੰ ਹੋਰ ਹੁਲਾਰਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨਾਂ ਨੂੰ ਦਾਲਾਂ, ਮੱਕੀ, ਬਾਸਮਤੀ ਆਦਿ ਦੀ ਖੇਤੀ ਲਈ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 52012 ਹੈਕਟੇਅਰ ਰਕਬਾ ਮੱਕੀ ਦੀ ਕਾਸ਼ਤ ਹੇਠ ਹੈ ਜਦਕਿ 250 ਹੈਕਟੇਅਰ ਰਕਬੇ ’ਤੇ ਤਿਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ 150 ਹੈਕਟੇਅਰ ਰਕਬੇ ’ਤੇ ਮੂੰਗਫ਼ਲੀ ਅਤੇ 73 ਹੈਕਟੇਅਰ ਰਕਬੇ ’ਤੇ ਕਿਸਾਨਾਂ ਵਲੋਂ ਦਾਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ।
ਜ਼ਿਲ੍ਹੇ ਵਿੱਚ ਦਾਲਾਂ, ਤੇਲ ਬੀਜਾਂ, ਬਾਸਮਤੀ ਆਦਿ ਦੀ ਖੇਤੀ ਦਾ ਰਕਬਾ ਹੋਰ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਮੱਕੀ ਦੀ ਕਾਸ਼ਤ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਅਗਾਂਹਵਧੂ ਕਿਸਾਨ ਡਾ. ਗੁਰਿੰਦਰ ਸਿੰਘ ਬਾਜਵਾ ਵਲੋਂ ਫ਼ਸਲੀ ਵਿਭਿੰਨਤਾ ਦੇ ਖੇਤਰ ’ਚ ਪਾਈ ਨਵੀਂ ਪੈੜ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਵਲੋਂ ਸੇਬਾਂ ਦੀ ਖੇਤੀ ਦਾ ਵਿਕਸਿਤ ਕੀਤੇ ਮਾਡਲ ਬਾਰੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਅਨੁਕੂਲ ਮੌਸਮ ਵਾਲੇ ਰਕਬੇ ਵਿੱਚ ਸੇਬਾਂ ਦੀ ਖੇਤੀ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ।
10 ਸਾਲ ਤੋਂ ਸੇਬਾਂ ਦੀ ਕਾਸ਼ਤ ਕਰ ਰਿਹਾਂ : ਗੁਰਿੰਦਰ ਸਿੰਘ ਬਾਜਵਾ
ਬਾਗਬਾਨੀ ਵਿਭਾਗ ਤੋਂ ਸੇਵਾ ਮੁਕਤ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ 2011 ਵਿੱਚ ਉਨ੍ਹਾਂ ਨੇ ਡੇਢ ਏਕੜ ਰਕਬੇ ਵਿੱਚ 150 ਦੇ ਕਰੀਬ ਸੇਬ ਦੇ ਬੂਟਿਆਂ ਨਾਲ ਸੇਬਾਂ ਦੀ ਕਾਸ਼ਤ ਸ਼ੁਰੂ ਕੀਤੀ ਸੀ ਅਤੇ ਸਫ਼ਲ ਕਾਸ਼ਤ ਦੇ ਮੱਦੇਨਜ਼ਰ ਢਾਈ ਏਕੜ ਹੋਰ ਰਕਬੇ ਵਿੱਚ ਸੇਬ ਬੀਜੇ। ਉਨ੍ਹਾਂ ਦੱਸਿਆ ਕਿ ਇਸ ਫ਼ਲ ਦੀ ਕੁਆਲਟੀ ਅਤੇ ਪੈਦਾਵਾਰ ਵਧੀਆ ਹੋਣ ਸਦਕਾ ਉਨ੍ਹਾਂ ਵਲੋਂ ਹੋਰ ਰਕਬਾ ਸੇਬਾਂ ਦੀ ਕਾਸ਼ਤ ਹੇਠ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਕਿਸਾਨਾਂ ਵਲੋਂ ਸੇਬਾਂ ਦੀ ਕਾਸ਼ਤ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਦੋ ਖੇਤਰਾਂ ਵਿੱਚ ਕਿਸਾਨਾਂ ਵਲੋਂ ਇਸ ਫ਼ਲ ਦੀ ਖੇਤੀ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਦੋ ਕਿਸਮਾਂ ਦੇ ਅੰਨਾ ਅਤੇ ਡੋਰਸੈਟ ਬੀਜੀਆਂ ਜਾ ਰਹੀਆਂ ਹਨ ਜੋ ਕਿ ਪੰਜਾਬ ਦੇ ਵੱਧ ਤਾਪਮਾਨ ਨੂੰ ਆਸਾਨੀ ਨਾਲ ਸਹਾਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵੱਧ ਤਾਪਮਾਨ ਬਰਦਾਸ਼ਤ ਕਰਨ ਸਦਕਾ ਇਹ ਕਿਸਮਾਂ ਘੱਟ ਚਿÇਲੰਗ ਸਮੇਂ ਦੌਰਾਨ ਵੀ ਵਧੀਆ ਗੁਣਵਤਾ ਅਤੇ ਪੈਦਾਵਾਰ ਨੂੰ ਯਕੀਨੀ ਬਣਾਉਂਦੀਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਬੀਰ ਸਿੰਘ, ਡਾ. ਸਿਮਰਨਜੀਤ ਸਿੰਘ, ਕਿਸਾਨ ਹਰਵਿੰਦਰ ਸਿੰਘ ਸੰਧੂ, ਮਨਦੀਪ ਸਿੰਘ ਗਿੱਲ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *