ਪ੍ਰਸ਼ਾਸਨ ਵਲੋਂ ਪੀ.ਐਸ.ਏ. ਆਕਸੀਜਨ ਪਲਾਂਟ ਨਾ ਲਗਾਉਣ ’ਤੇ ਸੱਤ ਪ੍ਰਾਈਵੇਟ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

जालंधर पंजाब

ਜਲੰਧਰ 07 ਜੁਲਾਈ 2021 ( ਨਿਊਜ਼ ਹੰਟ ) :

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਜੀ ਹਸਪਤਾਲਾਂ ਨੂੰ ਆਪਣੇ ਪੀ.ਐਸ.ਏ. ਅਧਾਰਿਤ ਆਕਸੀਜਨ ਪਲਾਂਟ ਲਗਾਉਣ ਲਈ ਕੀਤੀਆਂ ਗਈਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਜਿਨਾਂ ਨਿੱਜੀ ਹਸਪਤਾਲਾਂ ਨੇ ਅਜੇ ਤੱਕ ਆਕਸੀਜਨ ਪਲਾਂਟ ਨਾ ਲਗਾ ਕੇ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ , ਅਜਿਹੇ ਸੱਤ ਹਸਪਤਾਲਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਸ਼ਰਨਜੀਤ, ਕਿਡਨੀ, ਸਿੱਕਾ, ਆਕਸਫੋਰਡ, ਘਈ, ਨਿਊਰੋਨੋਵਾ ਅਤੇ ਕੇਅਰਮੈਕਸ ਹਸਪਤਾਲ ਸ਼ਾਮਿਲ ਹਨ ਜਿਨਾਂ ਨੂੰ ਪ੍ਰਸ਼ਾਸਨ ਵਲੋਂ ਪੀ.ਸੀ.ਏ. ਅਧਾਰਿਤ ਆਕਸੀਜਨ ਪਲਾਂਟ ਲਗਾਉਣ ਲਈ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੀ ਦੂਸਰੀ ਲਹਿਰ ਦੌਰਾਨ ਇਹ ਹਸਪਤਾਲ ਉਨਾਂ ਹਸਪਤਾਲਾਂ ਵਿੱਚ ਸ਼ਾਮਿਲ ਸਨ ਜਿਨਾਂ ਵਲੋਂ ਪ੍ਰਤੀ ਦਿਨ 50 ਆਕਸੀਜਨ ਸਲੰਡਰਾਂ ਦੀ ਮੰਗ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਨਾਂ ਨੂੰ ਅਗਸਤ-2021 ਤੱਕ ਆਕਸੀਜਨ ਪਲਾਂਟ ਲਗਾਉਣ ਲਈ ਕਿਹਾ ਗਿਆ ਸੀ।

ਸ੍ਰੀ ਥੋਰੀ ਨੇ ਦੱਸਿਆ ਕਿ ਇਨਾਂ ਹਸਪਤਾਲਾਂ ਵਲੋਂ ਕੋਵਿਡ ਦੀ ਆਉਣ ਵਾਲੀ ਅਗਲੀ ਲਹਿਰ ਦੌਰਾਨ ਆਪਣੀਆਂ ਆਕਸੀਜਨ ਸਬੰਧੀ ਜਰੂਰਤਾਂ ਨੂੰ ਪੂਰਾ ਕਰਨ ਲਈ ਕੋਈ ਯਤਨ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਹਸਪਤਾਲਾਂ ਵਲੋਂ ਆਪਣੇ ਅਦਾਰਿਆਂ ਵਿੱਚ ਆਕਸੀਜਨ ਉਤਪਾਦਨ ਵਿੱਚ ਆਤਮ ਨਿਰਭਰ ਬਣਨ ਲਈ ਆਕਸੀਜਨ ਪਲਾਂਟ ਲਗਾਏ ਗਏ ਹਨ ਪਰ ਇਨਾਂ ਹਸਪਤਾਲਾਂ ਦੀ ਅਣਗਹਿਲੀ ਨੇ ਆਕਸੀਜਨ ਉਤਪਾਦਨ ਵਿੱਚ ਆਤਮ ਨਿਰਭਰ ਬਣਨ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਰੁਕਾਵਟ ਪੈਦਾ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਸਪਸ਼ਟ ਦੱਸਿਆ ਕਿ ਜੇਕਰ ਇਨਾਂ ਹਸਪਤਾਲਾਂ ਦੁਆਰਾ ਕੋਵਿਡ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਸਿਹਤ ਵਿਭਾਗ ਨੂੰ ਇਨਾਂ ਹਸਪਤਾਲਾਂ ਦੀ ਕੋਵਿਡ ਕੇਅਰ ਸਹੂਲਤਾਂ ਦੇ ਲਾਇਸੰਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਵਿਡ ਦੀ ਤੀਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਰਕੇ ਕੋਈ ਮੌਤ ਹੁੰਦੀ ਹੈ ਤਾਂ ਇਨਾਂ ਹਸਪਤਾਲਾਂ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ ਕਿਉਂਕਿ ਇਹ ਹਸਪਤਾਲ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਭੰਡਾਰ ਕਰਨ ਲਈ ਜਿੰਮੇਵਾਰ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਨਾਂ ਹਸਪਤਾਲਾਂ ਪਾਸ ਆਪਣੇ ਆਕਸੀਜਨ ਪਲਾਂਟ ਹੋਣਗੇ ਉਨਾ ਨੂੰ ਕੋਵਿਡ ਕੇਅਰ ਸਹੂਲਤਾਂ ਵਿੱਚ ਕੋਵਿਡ-19 ਦੇ ਮਰੀਜ਼ ਦਾਖ਼ਲ ਕਰਨ ਦੀ ਪਹਿਲ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਸਪਲਾਈ ਦਾ ਨਿਰਵਿਘਨ ਪ੍ਰਬੰਧਨ ਕਰਨ ਲਈ ਏਅਰ ਫੋਰਸ ਦੀ ਸਹਾਇਤਾ ਨਾਲ ਆਕਸੀਜਨ ਟੈਂਕਰ ਲਿਆਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਹੁਣ ਹਸਪਤਾਲਾਂ ਕੋਲ ਆਕਸੀਜਨ ਪਲਾਂਟ ਸਥਾਪਿਤ ਕਰਨ ਲਈ ਕਾਫ਼ੀ ਸਮਾਂ ਹੈ ਤਾਂ ਕਿ ਦੁਬਾਰਾ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਦੌਰਾਨ ਜੇਕਰ ਆਕਸੀਜਨ ਦੀ ਕਮੀ ਆਉਂਦੀ ਹੈ ਤਾਂ ਇਸ ਲਈ ਹਸਪਤਾਲਾਂ ਨੂੰ ਜਿੰੇਮਵਾਰ ਠਹਿਰਾਇਆ ਜਾਵੇਗਾ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਵਲੋਂ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਜਿਨਾ ਨੇ ਪ੍ਰਸ਼ਾਸਨ ਦੀਆਂ ਅਪੀਲਾਂ ਨੂੰ ਮੰਨਦੇ ਹੋਏ ਕੋਵਿਡ ਦੀ ਤੀਜੀ ਲਹਿਰ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਆਪਣੇ ਆਕਸੀਜਨ ਪਲਾਂਟ ਲਗਾਉਣ ਲਈ ਸੰਜੀਦਾ ਯਤਨ ਕੀਤੇ ਹਨ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨਾਂ ਹਸਪਤਾਲਾਂ ਵਿੱਚ ਸ੍ਰੀਮਨ ਸੁਪਰ ਸਪੈਸ਼ਿਲਟੀ, ਐਨ.ਐਚ.ਐਸ., ਨਿਊ ਰੂਬੀ, ਅਰਮਾਨ, ਰਤਨ, ਜੋਸ਼ੀ, ਗਲੋਬਲ, ਟੈਗੌਰ, ਕੈਪੀਟੋਲ ਹਸਪਤਾਲ ਅਤੇ ਪਿਮਸ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਛੇ ਹੋਰ ਹਸਪਤਾਲਾਂ ਜਿਨਾਂ ਵਿੱਚ ਸਰਵੋਦਿਆ, ਮਾਨ ਮੈਡੀਸਿਟੀ, ਇਨੋਸੈਂਟ ਹਾਰਟਸ ਹਸਪਤਾਲ, ਜੌਹਲ ਅਤੇ ਮਿਲਟਰੀ ਹਸਪਤਾਲ ਸ਼ਾਮਿਲ ਹਨ ਵਲੋਂ ਆਪਣੇ ਆਕਸੀਜਨ ਪਲਾਂਟ ਲਗਾਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਡਿਪਟੀ ਕਮਿਸ਼ਨਰ ਵਲੋਂ ਇਨਾਂ ਸਿਹਤ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ ਗਈ ਅਤੇ ਹੋਰਨਾਂ ਨੂੰ ਵੀ ਆਪਣੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ ਕੀਤੀ ਗਈ।

Leave a Reply

Your email address will not be published. Required fields are marked *