ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਦੇ ਲਈ ਲਾਭਪਾਤਰੀ ਜਲਦ ਤੋਂ ਜਲਦ ਬਣਵਾਉਣ ਈ-ਹੈਲਥ ਕਾਰਡ : ਵਿਸ਼ੇਸ਼ ਸਾਰੰਗਲ

पंजाब होशियारपुर
ਹੁਸ਼ਿਆਰਪੁਰ, 09 ਜੁਲਾਈ 2021 ( ਨਿਊਜ਼ ਹੰਟ ) :
ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀਆਂ ਤੱਕ ਲਾਭ ਪਹੁੰਚਾਉਣ ਦੇ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਸਾਰੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਬਣਾਉਣ ਦੇ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਹ ਅੱਜ ਆਪਣੇ ਦਫ਼ਤਰ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਹੈਲਥ ਕਾਰਡ ਬਣਾਉਣ ਤੋਂ ਵਾਂਝੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਜਲਦ ਤੋਂ ਜਲਦ ਬਣਾਉਣ ਸਬੰਧੀ ਨਿਰਦੇਸ਼ ਵੀ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਲਾਭਪਾਤਰੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 20 ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਸੂਚੀਬੱਧ ਕੀਤੇ ਗਏ ਹਨ ਜਿਥੇ ਲਾਭਪਾਤਰੀ ਆਪਣਾ ਕੈਸ਼ਲੈਸ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਲਾਭਪਾਤਰੀ ਆਪਣੇ ਦਸਤਾਵੇਜ ਨਾਲ ਲੈ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਲਾਭਪਾਤਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਪੈਨ ਕਾਰਡ, ਜੇ ਫਾਰਮ ਧਾਰਕ ਅਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ, ਉਸਾਰੀ ਭਲਾਈ ਬੋਰਡ ਅਤੇ ਪੀਲੇ ਅਤੇ ਗੁਲਾਬੀ ਕਾਰਡ ਧਾਰਕ ਪੱਤਰਕਾਰ ਆਪਣਾ ਆਧਾਰ ਕਾਰਡ ਜਾਂ ਪੀਲਾ ਜਾਂ ਗੁਲਾਬੀ ਪਹਿਚਾਣ ਪੱਤਰ ਲੈ ਕੇ ਆਪਣਾ ਈ- ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਈ-ਕਾਰਡ ਬਣਾਉਣ ਦੇ ਲਈ 30 ਰੁਪਏ ਪ੍ਰਤੀ ਕਾਰਡ ਫੀਸ ਰੱਖੀ ਗਈ ਹੈ।
ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਯੋਗਤਾ ਵੈਬਸਾਈਟ www.sha.punjab.gov.in ’ਤੇ ਜਾ ਕੇ ਆਪਣਾ ਆਧਾਰ ਕਾਰਡ ਅਤੇ ਹੋਰ ਪਹਿਚਾਣ ਪੱਤਰ ਨੰਬਰ ਨੂੰ ਭਰ ਕੇ ਚੈਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ਵਿੱਚ ਈ-ਹੈਲਥ ਕਾਰਡ ਬਣਾਉਣ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਿਹਤ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ) ਵਿੱਚ ਜਾ ਕੇ ਵੀ ਲਾਭਪਾਤਰੀ ਆਪਣੇ ਈ-ਹੈਲਥ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਨਜ਼ਦੀਕੀ ਥਾਵਾਂ ’ਤੇ ਜਾ ਸਕੇ ਇਸ ਯੋਜਨਾ ਦਾ ਈ-ਕਾਰਡ ਜ਼ਰੂਰ ਬਣਾਉਣ। ਇਸ ਮੌਕੇ ’ਤੇ ਜ਼ਿਲ੍ਹਾ ਮੰਡੀ ਅਫ਼ਸਰ ਰਾਜਿੰਦਰ ਕੁਮਾਰ, ਡੀ.ਡੀ.ਐਫ ਪਿਯੂਸ਼ ਗੋਇਲ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਲੇਬਰ ਇਨਫੋਰਸਮੈਂਟ ਅਫ਼ਸਰ ਹਰਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *