ਘਰ-ਘਰ ਰੋਜ਼ਗਾਰ ਮਿਸ਼ਨ; ਸਫਲਤਾਪੂਰਵਕ ਸੰਪਨ ਹੋਇਆ ਹਾਈ ਐਂਡ ਰੋਜ਼ਗਾਰ ਮੇਲਾ : ਅਪਨੀਤ ਰਿਆਤ

पंजाब होशियारपुर

ਹੁਸ਼ਿਆਰਪੁਰ, 15 ਜੁਲਾਈ 2021 ( ਨਿਊਜ਼ ਹੰਟ ) :

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਬੈਂਕਿੰਗ ਅਤੇ ਵਿੱਤੀ ਸੈਕਟਰ ਵਿੱਚ ਜਾਣ ਵਾਲੇ ਚਾਹਵਾਨ ਨੌਜਵਾਨਾਂ ਦੇ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਲਗਾਇਆ ਗਿਆ ਹਾਈ ਐਂਡ ਰੋਜ਼ਗਾਰ ਮੇਲਾ ਸਫਲਤਾਪੂਰਵਕ ਸੰਪਨ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ 9 ਬੈਂਕਾਂ ਅਤੇ ਵਿੱਤੀ ਸੈਕਟਰਾਂ ਦੀਆਂ ਕੰਪਨੀਆਂ ਵਲੋਂ ਹਿੱਸਾ ਲੈਂਦੇ ਹੋਏ 53 ਨੌਜਵਾਨਾਂ ਦੀ ਚੋਣ ਕੀਤੀ ਗਈ ਜਦਕਿ 16 ਨੂੰ ਸ਼ਾਰਟ ਲਿਸਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਰੋਜ਼ਗਾਰ ਮੇਲੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਜਲੰਧਰ, ਪਠਾਨਕੋਟ, ਲੁਧਿਆਣਾ ਅਤੇ ਹੋਰ ਜ਼ਿਲਿ੍ਹਆਂ ਦੇ 300 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਇੰਟਰਵਿਊ ਦੇਣ ਆਏ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਇੰਟਰਵਿਊ ਲੈਣ ਆਏ ਬੈਂਕਾਂ ਅਤੇ ਵਿੱਤੀ ਸੈਕਟਰਾਂ ਦੇ ਅਧਿਕਾਰੀਆਂ ਨੂੰ ਤਜੁਰਬੇਕਾਰ ਨੌਜਵਾਨਾਂ ਦੇ ਨਾਲ-ਨਾਲ ਫਰੈਸ਼ਰਜ਼ ਨੂੰ ਵੀ ਬਰਾਬਰ ਦੇ ਮੌਕੇ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਰੋਜ਼ਗਾਰ ਵਿੱਚ ਬੈਂਕਾਂ ਅਤੇ ਹੋਰ ਕੰਪਨੀਆਂ ਵਲੋਂ 2 ਲੱਖ ਰੁਪਏ ਤੋਂ ਲੈ ਕੇ 6 ਲੱਖ ਰੁਪਏ ਤੱਕ ਦਾ ਸਾਲਾਨਾ ਪੈਕੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਹਿਲੀ ਵਾਰ ਬੈਂਕਿੰਗ ਸੈਕਟਰ ਵਿੱਚ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਵੱਡੇ ਪੱਧਰ ’ਤੇ ਵਿਸ਼ੇਸ਼ ਰੋਜ਼ਗਾਰ ਮੇਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਐਕਸਿਸ, ਐਚ.ਡੀ.ਐਫ.ਸੀ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਪੀ.ਐਨ.ਬੀ., ਮੈਟ ਲਾਈਫ, ਸੈਟਿਨ ਕ੍ਰੈਡਿਟ ਕੇਅਰ ਤੋਂ ਇਲਾਵਾ ਹੋਰ ਬੈਂਕਿੰਗ ਅਤੇ ਵਿੱਤੀ ਸੈਕਟਰ ਦੀਆਂ ਸੰਸਥਾਵਾਂ ਨੇ ਹਿੱਸਾ ਲਿਆ।
ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਜਿਥੇ ਘੱਟ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੇ ਲਈ ਬੇਹਤਰੀਨ ਯਤਨ ਕੀਤੇ ਗਏ ਹਨ ਉਥੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿੱਤਿਆ ਰਾਣਾ ਅਤੇ ਬਿਊਰੋ ਦੀ ਸਮੂਹ ਟੀਮ ਵਲੋਂ ਪੜ੍ਹੇ ਲਿਖੇ ਪੋਸਟ ਗ੍ਰੈਜੂਏਟ ਨੌਜਵਾਨਾਂ ਨੂੰ ਬੇਹਤਰ ਰੋਜ਼ਗਾਰ ਦਿਵਾਉਣ ਦੇ ਲਈ ਲਗਾਇਆ ਗਿਆ ਇਹ ਹਾਈ ਐਂਡ ਰੋਜ਼ਗਾਰ ਮੇਲਾ ਬੇਹਤਰੀਨ ਯਤਨ ਹੈ, ਜਿਸਦੇ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵੱਖ-ਵੱਖ ਖੇਤਰਾਂ ਦੇ ਨੌਜਵਾਨਾ ਨੂੰ ਉਨ੍ਹਾਂ ਦੀ ਯੋਗਤਾ ਦੇ ਮੁਤਾਬਕ ਰੋਜ਼ਗਾਰ ਦਿਵਾਉਣ ਦਾ ਯਤਨ ਇਸੇ ਤਰ੍ਹਾਂ ਜਾਰੀ ਰਹੇਗਾ।

Leave a Reply

Your email address will not be published. Required fields are marked *