ਮੱਕੀ ਦੀ ਫਸਲ ਨੂੰ ਫਾਲ ਆਰਮੀ ਵਰਮ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ: ਡਾ. ਅਮਰੀਕ ਸਿੰਘ

पंजाब पठानकोट

ਪਠਾਨਕੋਟ: 19 ਜੁਲਾਈ ( ਨਿਊਜ਼ ਹੰਟ ) – ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਵਿੱਚ ਸਾਉਣੀ ਸੀਜ਼ਨ ਦੌਰਾਨ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ  ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋਂ ਪਿੰਡ ਦਰਸ਼ੋਪੁਰ ਅਤੇ ਮਿਰਜ਼ਾਪੁਰ ਵਿੱਚ ਮੱਕੀ ਦੀ ਫਸਲ ਤੇ ਕੀੜਿਆਂ ਦੇ ਹਮਲੇ ਦਾ ਜਾਇਜ਼ਾ  ਲਿਆ। ਇਸ ਮੌਕੇ ਉਨਾ ਦੇ ਨਾਲ ਸ੍ਰੀ ਮਤੀ ਸਾਕਸ਼ੀ ਖੇਤੀਬਾੜੀ ਉਪ ਨਿਰੀਖਕ,ਸ਼੍ਰੀ ਮਤੀ ਜੋਤੀ ਬਾਲਾ ਸਹਾਇਕ ਤਕਨਾਲੋਜੀ ਪ੍ਰਬੰਧਕ , ਜੀਵਨ ਲਾਲ ,ਰਘਬੀਰ ਸਿੰਘ,ਵਿਜੇ ਕੁਮਾਰ ਹਾਜ਼ਰ ਸਨ। ਅਗਾਂਹ ਵਧੂ ਮੱਕੀ ਉਤਪਾਦਕ ਬਲਵੰਤ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਕਾਰਨ ਮੱਕੀ ਦੀ ਫਸਲ ਉੱਪਰ ਪਿਛਲੇ ਦੋ ਸਾਲਾਂ ਤੋਂ ਦੱਖਣੀ ਭਾਰਤ ਵਿੱਚ ਫਾਲ ਆਰਮੀਵਰਮ ਨਾਮ ਦੇ ਕੀੜੇ ਨੇ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਪਿਛਲੇ ਸਾਲ ਮੱਕੀ ਦੀ ਫਸਲ ਉੱਪਰ ਇਹ ਕੀੜਾ ਦੇਖਣ ਨੂੰ ਮਿਲਿਆ ਸੀ ,ਜਿਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਫਾਲ ਆਰਮੀ ਵਰਮ ਆਮ ਤੌਰ ਤੇ ਮੱਕੀ ਦੀ ਫਸਲ ਉੱਪਰ ਬਿਜਾਈ ਤੋਂ 10-40 ਦਿਨਾਂ ਦੇ ਦਰਮਿਆਨ ਜ਼ਿਆਦਾ ਨੁਕਸਾਨ ਕਰਦਾ ਹੈ।ਉਨਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਕੀੜੇ ਦੀ ਰੋਕਥਾਮ ਨਾਂ ਕੀਤੀ ਜਾਵੇ ਤਾਂ ਇਹ ਕੀੜਾ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕਰ ਦਿੰਦਾ ਹੈ।ਉਨਾਂ ਕਿਹਾ ਕਿ ਫਾਲ ਆਰਮੀਵਰਮ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗ੍ਰੇਜੀ ਦੇ ਵਾਈ  ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ।
ਉਨਾਂ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਮੱਕੀ ਦੀ ਫਸਲ ਨੂੰ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਉੱਪਰ ਦਿਖਾਈ ਦਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 0.4 ਮਿਲੀਟਿਲਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 0.5 ਮਿਲੀਲਿਟਰ ਸਪਾੲਨਿਟੋਰਮ 11.7 ਐਸ ਸੀ ਜਾਂ 0.4 ਮਿਲ਼ੀਲਿਟਰ ਐਮਾਮੈਕਟਿਨ ਬੈਂਜੋਏਟ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ । ਉਨਾਂ ਕਿਹਾ ਕਿ ਜੇਕਰ ਚਾਰੇ ਵਾਲੀ ਫਸਲ ਉੱਪਰ ਇਸ ਕੀੜੇ ਦਾ ਹਮਲਾ ਹੋਇਆ ਹੈ ਤਾਂ 0.4 ਮਿਲੀਲਿਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਪ੍ਰਤੀ ਏਕੜ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਛਿੜਕਾਅ ਵਾਲੀ ਫਸਲ ਨੂੰ 21 ਦਿਨਾਂ ਤੱਕ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਣੀ ਚਾਹੀਦੀ। ਉਨਾਂ ਨੇ ਕਿਹਾ ਕਿ ਮੱਕੀ ਦੀਆਂ ਸਾਰੀਆਂ ਕਿਸਮਾਂ ਨੂੰ ਸੇਂਜੂ ਹਾਲਤਾਂ ਵਿੱਚ ਜੇਕਰ ਮਿੱਟੀ ਪਰਖ ਰਿਪੋਰਟ ਵਿੱਚ ਫਾਸਫੋਰਸ ਤੱਤ ਦੀ ਘਾਟ ਆਈ ਹੈ ਤਾਂ 55 ਕਿਲੋ ਡਾਇਆ,30 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ ਅਤੇ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਡਾਇਆ ਪਾਈ ਗਈ ਹੈ ਤਾਂ ਮੱਕੀ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ। ਉਨਾਂ ਕਿਹਾ ਕਿ ਮੱਕੀ ਦੀ ਫਸਲ ਦੇ ਗੋਡੇ ਗੋਡੇ ਹੋਣ ਤੇ 30 ਕਿਲੋ ਯੂਰੀਆ ਅਤੇ ਬੂਰ ਪੈਣ ਤੇ 30 ਕਿਲੋ ਯੂਰੀਆ ਪਰਤੀ ਏਕੜ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਬਾਰਾਨੀ ਹਾਲਤਾਂ ਵਿੱਚ ਘੱਟ ਪਾਣੀ ਦੀ ਸੰਭਾਲ ਵਾਲੀਆਂ ਜ਼ਮੀਨਾਂ ਵਿੱਚ 35  ਕਿਲੋ ਯੂਰੀਆ ਅਤੇ 18 ਕਿਲੋ ਡਾਇਆ ਪ੍ਰਤੀ ਏਕੜ ਅਤੇ ਵਧੇਰੇ ਪਾਣੀ ਦੀ ਸੰਭਾਲ ਦੀ ਸਮਰੱਥਾਂ ਵਾਲੀਆਂ ਜ਼ਮੀਨਾਂ ਵਿੱਚ 70 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਅੱਧੀ ਨਾਈਟਰੋਜਨ,ਸਾਰੂੀ ਫਾਸਫੋਰਸ ਬਿਜਾਈ ਸਮੇਂ ਅਤੇ ਬਾਕੀ ਅੱਧੀ ਨਾਈਟਰੋਜਨ ਬਿਜਾਈ ਤੋਂ ਇੱਕ ਮਹੀਨਾ ਬਾਅਦ ਪਾ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *