ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਤਿੰਨ ਮੈਂਬਰੀ ਅਧਿਕਾਰੀਆਂ ਦੀ ਟੀਮ ਨੇ ਆਰ.ਟੀ.ਏ. ਦਫ਼ਤਰ ਅਤੇ ਆਟੋਮੇਟਿਵ ਡਰਾਈਵਿੰਗ ਟਰੈਕ ਦੀ ਕੀਤੀ ਅਚਨਚੇਤ ਚੈਕਿੰਗ

पंजाब होशियारपुर
ਹੁਸ਼ਿਆਰਪੁਰ, 23 ਜੁਲਾਈ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਟਰਾਂਸਪੋਰਟ ਵਿਭਾਗ ਨਾਲ ਜੁੜੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਅੱਜ ਤਿੰਨ ਮੈਂਬਰੀ ਅਧਿਕਾਰੀਆਂ ਦੀ ਟੀਮ ਨੇ ਆਰ.ਟੀ.ਏ. ਦਫ਼ਤਰ ਤੇ ਆਟੋਮੇਟਿਵ ਡਰਾਈਵਿੰਗ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਟੀਮ ਵਲੋਂ ਡਰਾਈਵਿੰਗ ਟਰੈਕ ਦੇ ਬਾਹਰ ਖੁੱਲ੍ਹੀਆਂ ਦੁਕਾਨਾਂ ਤੋਂ ਕੰਪਿਊਟਰ ਹਾਰਡਵੇਅਰ ਨੂੰ ਜਾਂਚ ਲਈ ਜ਼ਬਤ ਵੀ ਕੀਤਾ ਗਿਆ।
ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਸਕੱਤਰ ਆਰ.ਟੀ.ਏ. ਪ੍ਰਦੀਪ ਸਿੰਘ ਢਿੱਲੋਂ ਅਤੇ ਡੀ.ਐਸ.ਪੀ. ਸਿਟੀ ਜਗਦੀਸ਼ ਕੁਮਾਰ ਅੱਤਰੀ ਨੇ ਸਭ ਤੋਂ ਪਹਿਲਾਂ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਆਰ.ਟੀ.ਏ. ਦਫ਼ਤਰ ਦਾ ਨਿਰੀਖਣ ਕੀਤਾ। ਇਸ ਦੌਰਾਨ 1400 ਡਰਾਈਵਿੰਗ ਲਾਇਸੰਸ ਅਤੇ 49 ਆਰ.ਸੀਜ਼ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਸਹਾਇਕ ਕਮਿਸ਼ਨਰ ਨੇ ਸਕੱਤਰ ਆਰ.ਟੀ.ਏ. ਨੂੰ ਨਿਰਦੇਸ਼ ਦਿੱਤੇ ਕਿ ਉਹ ਸਬੰਧਤ ਲਾਇਸੰਸਾਂ ਅਤੇ ਆਰ.ਸੀਜ਼ ਨੂੰ ਤੁਰੰਤ ਬਿਨੈਕਾਰਾਂ ਦੇ ਸਪੁਰਦ ਕਰਨ।
ਇਸ ਤੋਂ ਬਾਅਦ ਟੀਮ ਵਲੋਂ ਆਟੋਮੇਟਿਵ ਡਰਾਈਵਿੰਗ ਟਰੈਕ ਦਾ ਨਿਰੀਖਣ ਕੀਤਾ ਗਿਆ, ਜਿਥੇ ਗੋਬਿੰਦ ਪਾਲ ਨਾਮ ਦਾ ਇਕ ਕਰਮਚਾਰੀ ਗੈਰ ਹਾਜ਼ਰ ਪਾਇਆ ਗਿਆ। ਸਹਾਇਕ ਕਮਿਸ਼ਨਰ ਨੇ ਇਸ ਦੌਰਾਨ ਉਥੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਸ ਵਿਚ ਐਚ.ਐਸ.ਆਰ.ਪੀ ਨੰਬਰ ਪਲੇਟਸ, ਲਾਇਸੰਸ ਤੇ ਡਰਾਈਵਿੰਗ ਟੈਸਟਿੰਗ ਨਾਲ ਜੁੜੀਆਂ ਹੋਰ ਸੇਵਾਵਾਂ ਨੂੰ ਚੈਕ ਕੀਤਾ। ਇਸ ਦੌਰਾਨ ਡਰਾਈਵਿੰਗ ਟਰੈਕ ’ਤੇ ਸਾਰੇ ਕਰਮਚਾਰੀਆਂ ਦੇ ਫੋਨਾਂ ਨੂੰ ਜ਼ਬਤ ਕਰਕੇ ਪੁਲਿਸ ਨੂੰ ਸੌਂਪੇ ਗਏ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਤੇ ਸਟਾਫ ਦੇ ਕਿਸੇ ਬਾਹਰ ਦੇ ਪ੍ਰਾਈਵੇਟ ਵਿਅਕਤੀ ਨਾਲ ਮੇਲ ਮਿਲਾਪ ਤਾਂ ਨਹੀਂ।
ਟਰੈਕ ਦੀ ਚੈਕਿੰਗ ਤੋਂ ਬਾਅਦ ਟੀਮ ਵਲੋਂ ਬਾਹਰ ਖੁੱਲ੍ਹੀਆਂ ਦੁਕਾਨਾਂ ਦੀ ਵੀ ਚੈਕਿੰਗ ਕਰਕੇ ਉਨ੍ਹਾਂ ਦੇ ਕੰਪਿਊਟਰ ਹਾਰਡਵੇਅਰ ਨੂੰ ਪੜਤਾਲ ਲਈ ਜ਼ਬਤ ਕੀਤਾ ਗਿਆ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਕੀਤਾ ਗਿਆ ਹੈ ਤਾਂ ਜੋ ਆਰ.ਟੀ.ਏ. ਦਫ਼ਤਰ ਨਾਲ ਜੁੜੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਕੰਮ ਦੀ ਪਡੈਂਸੀ ਨੂੰ ਲੈ ਕੇ ਹਦਾਇਤ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਹੋਰ ਕੋਈ ਕਮੀ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਏਜੰਟਾਂ ’ਤੇ ਨਕੇਲ ਕੱਸਣ ਲਈ ਆਟੋਮੇਟਿਵ ਡਰਾਈਵਿੰਗ ਟਰੈਕ ਦੇ ਬਾਹਰ ਖੁੱਲ੍ਹੀਆਂ ਦੁਕਾਨਾਂ ਦੇ ਕੰਪਿਊਟਰ ਨੂੰ ਚੈਕ ਕਰਨ ਲਈ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਕਿਸੇ ਵੀ ਦੁਕਾਨਦਾਰ ਕੋਲ ਨਾ ਤਾਂ ਰਸੀਦ ਬੁੱਕ ਸੀ ਅਤੇ ਨਾ ਹੀ ਬਿੱਲ ਦੀ ਕੋਈ ਕਾਪੀ।

Leave a Reply

Your email address will not be published. Required fields are marked *