ਵੋਟਰ ਸੂਚੀ ਦੇ ਬਕਾਇਆ ਕੰਮਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ : ਵਧੀਕ ਡਿਪਟੀ ਕਮਿਸ਼ਨਰ

जालंधर पंजाब ब्रेकिंग न्यूज़

ਜਲੰਧਰ, 5 ਅਗਸਤ ( ਨਿਊਜ਼ ਹੰਟ )- ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਸਿਹਤ ਅਤੇ ਦਰੁੱਸਤੀ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਤਰੁੱਟੀ ਰਹਿਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਨੇ ਅੱਜ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਚੋਣਾਂ/ਵੋਟਰ ਸੂਚੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚੱਲ ਰਹੇ ਮਹੱਤਵਪੂਰਨ ਅਤੇ ਮਿਤੀਬੱਧ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮੀਟਿੰਗ ਦੌਰਾਨ ਦੱਸਿਆ ਕਿ ਵੋਟਰ ਸੂਚੀਆਂ ਦੀ ਦਰੁੱਸਤੀ ਲਈ ਵੋਟਰ ਸੂਚੀ ਦੇ ਹੈਲਥ ਪੈਰਾਮੀਟਰਜ਼ ਵਿੱਚ ਡੀ.ਐਸ.ਈਜ਼. (ਡੈਮੋਗ੍ਰਾਫਿਕ ਐਂਟਰੀਜ਼) ਤਰਕਪੂਰਨ ਤਰੁੱਟੀਆਂ, (ਲੋਜੀਕਲ ਐਰਰ) ਅਤੇ ਰਿਪੀਟ ਈ.ਪੀ.ਆਈ.ਸੀ. ਨੂੰ ਹਟਾਉਣਾ,  ਈ.ਆਰ.ਓ. ਨੈਟ ਵਿੱਚ ਪੈਡਿੰਗ ਫਾਰਮਾਂ (6,7,8,8ਏ) ਦਾ ਨਿਪਟਾਰਾ, ਸਰਵਿਸ ਵੋਟਰਾਂ ਦੇ ਨਿਪਟਾਰੇ ਦੇ ਫਾਰਮ,ਮ੍ਰਿਤਕ ਵੋਟਰਾਂ ਨੂੰ ਵੋਟਰ ਸੂਚੀ ਵਿਚੋਂ ਕੱਟਣਾ, ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ, ਚਿੰਨਹਿਤ ਵੋਟਰਾਂ ਭਾਵ ਐਮ.ਪੀ/ਐਮ.ਐਲ.ਏ. / ਐਮ.ਐਲ.ਸੀ., ਘੋਸ਼ਿਤ ਦਫ਼ਤਰਾਂ ਦੇ ਧਾਰਕਾਂ ਅਤੇ ਕਲਾ, ਸੱਭਿਆਚਾਰ , ਪੱਤਰਕਾਰਤਾ,  ਖੇਡਾਂ ਦੇ ਖੇਤਰ ਦੀਆਂ ਸ਼ਖਸੀਅਤਾਂ, ਨਿਆਂ ਪਾਲਕਾ ਅਤੇ ਜਨਤਕ ਸੇਵਾਵਾਂ ਦੇ ਮੈਂਬਰਾਂ ਆਦਿ ਨੂੰ ਨਿਸ਼ਾਨਬੱਧ ਕਰਨਾ ਸ਼ਾਮਲ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਕਿਹਾ ਕਿ ਵੋਟਰ ਸੂਚੀ ਦੇ ਅਹਿਮ ਮੁੱਦਿਆਂ ’ਤੇ ਵੱਲ ਖਾਸ ਧਿਆਨ ਦਿੰਦੇ ਹੋਏ ਬਕਾਇਆ ਕੰਮਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ। ਮੀਟਿੰਗ ਵਿੱਚ ਮਹੀਨਵਾਰ ਵੋਟਰ ਸ਼ਨਾਖਤੀ ਕਾਰਡ ਦੀ ਤਿਆਰੀ ਅਤੇ ਸਬੰਧਿਤ ਵੋਟਰਾਂ ਨੂੰ ਤਕਸੀਮ ਕਰਵਾਉਣ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਲਈ ਲਈ ਜਾਂਦੀ 25 ਰੁਪਏ ਦੀ ਫੀਸ ਮੁਆਫ਼ ਕਰਨ ਅਤੇ ਵੋਟਰਾਂ ਨੂੰ ਫਰੀ ਡੁਪਲੀਕੇਟ ਕਾਰਡ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ 01.01.2022 ਨੂੰ ਅਧਾਰ ਮੰਨ ਕੇ 9 ਅਗਸਤ ਤੋਂ 31 ਅਕਤੂਬਰ 2021 ਤੱਕ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀ ਸਬੰਧੀ ਗਤੀਵਿਧੀਆਂ ਜਿਵੇਂ ਕਿ ਡੀ.ਐਸ.ਈ., ਲੋਜਿਕ ਐਰਰ ਅਤੇ ਰਿਪੀਟ ਈ-ਐਪਿਕ ਕਾਰਡਾਂ ਨੂੰ ਵੋਟਰ ਸੂਚੀ ਵਿਚੋਂ ਖਤਮ ਕਰਨਾ, ਬੀ.ਐਲ.ਓਜ਼ ਦੁਆਰਾ ਘਰ-ਘਰ ਜਾ ਕੇ ਵੋਟਰਾਂ ਦੀ ਸ਼ਨਾਖਤ ਕਰਨਾ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ੇਨਲਾਈਜ਼ੇਸ਼ਨ , ਫਾਰਮ 6,6ਏ, 7,8 ਅਤੇ 8ਏ ਦਾ ਨਿਪਟਾਰਾ ਕਰਨਾ, ਮੌਜੂਦਾ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਦੇ ਕੰਮ ਨੂੰ ਮਿਤੀਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ।

ਉਨ੍ਹਾਂ ਅੱਗੇ ਦਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 01 ਨਵੰਬਰ 2021 ਨੂੰ ਕੀਤੀ ਜਾਵੇਗੀ ਅਤੇ 01 ਨਵੰਬਰ ਤੋਂ 30 ਨਵੰਬਰ ਤੱਕ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ ਨੰਬਰ 6,6ਏ,7,8 ਅਤੇ 8ਏ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ 20 ਦਸੰਬਰ 2021 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਕਰ ਦਿੱਤੀ ਜਾਵੇਗੀ।

ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਸਬੰਧੀ ਪ੍ਰੋਗਰਾਮ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਤਜਵੀਜ਼ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ ਤੋਂ ਪਹਿਲਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਇਸ ਸਬੰਧੀ ਸੁਝਾਅ/ਇਤਰਾਜ਼ ਪ੍ਰਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੌਜੂਦਾ ਅਤੇ ਸੰਭਾਵਿਤ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਮੁੱਚੇ ਪੋਲਿੰਗ ਸਟੇਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਕੂਲ ਹਨ ।

ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀਆਂ ਸਬੰਧੀ ਬਾਕੀ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਵੱਲ ਨਿੱਜੀ ਧਿਆਨ ਦਿੱਤਾ ਜਾਵੇ ਅਤੇ ਵੋਟਰ ਜਾਗਰੂਕਤਾ ਲਈ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣ, ਜਿਸ ਵਿੱਚ 18 ਤੋਂ 21 ਸਾਲ ਦੇ ਨੌਜਵਾਨ ਵੋਟਰਾਂ ਨੂੰ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਮਿਸ਼ਨਰ ਦੇ ਵੈਬ ਪੋਰਟਲ www.nvsp.inwww.voterportal.eci.gov.in  ਅਤੇ ਮੋਬਾਇਲ ਐਪ ਭਾਵ ਪੀ.ਡਬਲਯੂ.ਡੀ.ਐਪ, ਵੋਟਰ ਹੈਲਪ ਲਾਈਨ ਦੀ ਵਰਤੋਂ ਸਬੰਧੀ ਪ੍ਰੇਰਿਤ ਕੀਤਾ ਜਾਵੇ।

Leave a Reply

Your email address will not be published. Required fields are marked *