ਹੁਸ਼ਿਆਰਪੁਰ ਪੁਲਿਸ ਵੱਲੋਂ ਦੋ ਦਿਨਾਂ ’ਚ ਚੋਰ ਗਿਰੋਹ ਕਾਬੂ, 20 ਤੋਲੇ ਸੋਨਾ, ਡਾਇਮੰਡ ਤੇ 600 ਗ੍ਰਾਮ ਚਾਂਦੀ ਬਰਾਮਦ

Hoshiarpur Punjab
ਹੁਸ਼ਿਆਰਪੁਰ 14 ਅਗਸਤ ( ਨਿਊਜ਼ ਹੰਟ ) – ਲੰਘੀ 11 ਅਗਸਤ ਨੂੰ ਦੁਪਹਿਰ 12 ਵਜੇ ਦੇ ਕਰੀਬ ਹਰਜਿੰਦਰ ਕੌਰ ਪਤਨੀ ਸਵਰਗੀ ਦਸੋਧੀ ਰਾਮ, ਅਰੋੜਾ ਕਲੋਨੀ ਕੱਕੋਂ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਜ਼ਿਲ੍ਹਾ ਪੁਲਿਸ ਨੇ ਦੋ ਦਿਨਾਂ ’ਚ ਹੱਲ ਕਰਦਿਆਂ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 15 ਲੱਖ ਰੁਪਏ ਦੀ ਕੀਮਤ ਦਾ 20 ਤੋਲੇ ਸੋਨਾ, ਡਾਇਮੰਡ ਅਤੇ 600 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ। ਵਾਰਦਾਤ ਦੇ ਸਮੇਂ ਹਰਜਿੰਦਰ ਕੌਰ ਆਪਣੀ ਲੜਕੀ ਨਾਲ ਵੈਕਸੀਨ ਲਗਵਾਉਣ ਲਈ ਨਹਿਰ ਕਲੋਨੀ ਗਏ ਹੋਏ ਸਨ।
ਸਥਾਨਕ ਪੁਲਿਸ ਲਾਈਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਗਹਿਣੇ ਅਤੇ ਨਕਦੀ ਆਪਣੀ ਬੇਟੀ ਦੀ ਸ਼ਾਦੀ ਲਈ ਘਰ ਵਿਚ ਰੱਖੇ ਸਨ ਜਿਹੜੇ ਕਿ ਚੋਰ ਗਿਰੋਹ ਵਲੋਂ 11 ਅਗਸਤ ਨੂੰ ਚੋਰੀ ਕਰ ਲਏ ਗਏ ਜਿਸ ’ਤੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਐਸ.ਐਚ.ਓ. ਥਾਣਾ ਮਾਡਲ ਟਾਊਨ ਕਰਨੈਲ ਸਿੰਘ ’ਤੇ ਅਧਾਰਤ ਸਪੈਸ਼ਲ ਟੀਮ ਬਣਾਈ ਗਈ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਚੋਹਾਲ ਨੇੜੇ ਨਾਕਾਬੰਦੀ ਦੌਰਾਨ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਅਤੇ ਇਕ ਮੈਂਬਰ ਨੂੰ ਧਰਮਕੋਟ ਤੋਂ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਗੱਗੀ ਵਾਸੀ ਪਿੰਡ ਬਤਾਲਾ, ਜ਼ਿਲ੍ਹਾ ਅੰਮ੍ਰਿਤਸਰ, ਕਾਲਾ ਵਾਸੀ ਲੋਹਗੜ੍ਹ ਬਸਤੀ ਧਰਮਕੋਟ, ਜਨਤ ਪਤਨੀ ਗੱਗੀ, ਸ਼ੱਕੂ ਵਾਸੀ ਲੋਹਗੜ੍ਹ ਵਾਸੀ ਧਰਮਕੋਟ ਅਤੇ ਆਸ਼ਾ ਪਤਨੀ ਜਗਤਾਰ ਸਿੰਘ ਵਾਸੀ ਲੋਹਗੜ੍ਹ ਬਸਤੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ 20 ਤੋਲੇ ਸੋਨਾ, ਚਾਂਦੀ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ।

Leave a Reply

Your email address will not be published.