ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਸਰਕਾਰੀ ਸੇਵਾਵਾਂ ਲਈ ਹੈਲਪਲਾਈਨ ‘1100’ ਅਤੇ ਆਨਲਾਈਨ ਦਾਖਲਾ ਪੋਰਟਲ ਦੀ ਸ਼ੁਰੂਆਤ

जालंधर पंजाब

ਜਲੰਧਰ, 19 ਅਗਸਤ ( ਨਿਊਜ਼ ਹੰਟ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਗੈਰ ਅਮਰਜੈਂਸੀ ਸ਼ਿਕਾਇਤ ਨਿਪਟਾਰੇ ਤੇ ਸਰਕਾਰੀ ਸੇਵਾਵਾਂ ਲਈ ਏਕੀਕ੍ਰਿਤ ਸਟੇਟ ਹੈਲਪਲਾਈਨ ‘1100’ ਅਤੇ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਲਈ ਦਾਖਲਾ ਪੋਰਟਲ ਦੇ ਰਾਜ ਪੱਧਰੀ ਸ਼ੁਭ ਆਰੰਭ ਮੌਕੇ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਇਹ ਦੋਵੇਂ ਸਹੂਲਤਾਂ ਜ਼ਿਲ੍ਹਾ ਜਲੰਧਰ ਦੇ ਲੋਕਾਂ ਲਈ ਸਮਰਪਿਤ ਕੀਤੀਆਂ ਗਈਆਂ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਰਚੁਅਲ ਸਮਾਰੋਹ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਨਾਗਰਿਕ ਕਿਸੇ ਵੀ ਵਿਭਾਗ ਵਿਰੁੱਧ ਆਪਣੀਆਂ ਸ਼ਿਕਾਇਤਾਂ ਜਾਂ ਸਮੱਸਿਆਵਾਂ ਇਸ ਇਕ ਹੈਲਪਲਾਈਨ ਨੰਬਰ ‘1100’ ਉਤੇ ਉਠਾ ਸਕਦੇ ਹਨ, ਜਿੱਥੇ ਸਮੱਸਿਆਵਾਂ/ਸ਼ਿਕਾਇਤਾਂ ਰਿਕਾਰਡ ਹੋਣਗੀਆਂ, ਅੱਗੇ ਭੇਜੀਆਂ ਜਾਣਗੀਆਂ, ਟਰੈਕ ਕੀਤੀਆਂ ਜਾਣਗੀਆਂ ਅਤੇ ਸਮੇਂ ਸਿਰ ਹੱਲ ਕੀਤੀਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਗੈਰ-ਐਮਰਜੈਂਸੀ ਸੇਵਾਵਾਂ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗੀ, ਜਿਸ ਦਾ ਉਦੇਸ਼ ਮੌਜੂਦਾ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਠਾਈ ਗਈ ਸਮੱਸਿਆ ਜਾਂ ਸ਼ਿਕਾਇਤ ਨੂੰ ਆਨਲਾਈਨ ਪੋਰਟਲ www.connect.Punjab.Gov.in  ਰਾਹੀਂ ਸਬੰਧਤ ਵਿਭਾਗਾਂ ਨੂੰ ਸਮਾਂਬੱਧ ਤਰੀਕੇ ਨਾਲ ਅਗਲੇਰੀ ਕਾਰਵਾਈ ਲਈ ਤਬਦੀਲ ਕੀਤਾ ਜਾਵੇਗਾ ਅਤੇ ਸ਼ਿਕਾਇਤਕਰਤਾ ਦੀ ਸੰਤੁਸ਼ਟੀ ਤੋਂ ਬਾਅਦ ਹੀ ਸ਼ਿਕਾਇਤ ਬੰਦ ਕੀਤੀ ਜਾਵੇਗੀ।

ਸ਼੍ਰੀ ਥੋਰੀ ਨੇ ਅੱਗੇ ਕਿਹਾ ਕਿ ਇਸ ਸਦਕਾ ਲੋਕਾਂ ਦੀਆਂ ਸ਼ਿਕਾਇਤਾਂ ਦੇ ਜਲਦੀ ਤੋਂ ਜਲਦੀ ਨਿਪਟਾਰੇ ਨੂੰ ਸਰਵਉੱਚ ਤਰਜੀਹ ਦੇਣ ਦੀ ਵਚਨਬੱਧਤਾ ਦੇ ਨਾਲ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣੇਗਾ।

ਡਿਪਟੀ ਕਮਿਸ਼ਨਰ ਨੇ ਸਰਕਾਰੀ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਇੱਕ ਏਕੀਕ੍ਰਿਤ ਆਨਲਾਈਨ ਦਾਖ਼ਲਾ ਪੋਰਟਲ ਵੀ ਸਮਰਪਿਤ ਕੀਤਾ, ਜਿਸ ਵਿੱਚ ਦਾਖ਼ਲਾ ਪ੍ਰਕਿਰਿਆ ਪੂਰੀ ਤਰ੍ਹਾਂ ਸੰਪਰਕ ਰਹਿਤ ਹੋਵੇਗੀ ਅਤੇ ਅੱਗੇ ਬਿਨੈਕਾਰਾਂ ਦੀ ਤਸਦੀਕ ਵੀ ਸੰਪਰਕ ਰਹਿਤ ਹੋਵੇਗੀ ਕਿਉਂਕਿ ਪੋਰਟਲ ‘ਤੇ ਜਾਤੀ ਅਤੇ ਆਵਾਸ ਪ੍ਰਮਾਣ ਪੱਤਰਾਂ ਦੀ ਆਟੋ ਵੈਰੀਫਿਕੇਸ਼ਨ ਦੀ ਸਹੂਲਤ ਤੋਂ ਇਲਾਵਾ ਇਹ ਪੋਰਟਲ ਡਿਜੀ-ਲਾਕਰ ਦੇ ਮਾਧਿਅਮ ਰਾਹੀਂ ਸਾਰੇ ਰਾਜ ਬੋਰਡਾਂ ਦੇ ਨਾਲ-ਨਾਲ ਸੀ.ਬੀ.ਐਸ.ਈ. ਨਾਲ ਵੀ ਜੁੜਿਆ ਹੋਇਆ ਹੈ।

ਇਸ ਪੋਰਟਲ ਨੂੰ ਸੂਬਾ ਸਰਕਾਰ ਦਾ ਕ੍ਰਾਂਤੀਕਾਰੀ ਕਦਮ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀ ਹੁਣ ਸਿਰਫ਼ ਇਕ ਕਲਿੱਕ ਨਾਲ ਕਿਸੇ ਵੀ ਸਰਕਾਰੀ ਕਾਲਜ ਵਿੱਚ ਦਾਖ਼ਲਾ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ।

ਡਾ. ਬੀ.ਆਰ. ਅੰਬੇਡਕਰ ਕੋ-ਐਜੂਕੇਸ਼ਨ ਕਾਲਜ, ਜਲੰਧਰ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਅਤੇ ਵਿਦਿਆਰਥਣ ਵੈਸ਼ਨੋ ਦੇਵੀ ਨੇ ਨਵੇਂ ਦਾਖਲਾ ਪੋਰਟਲ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਇਸ ਨਵੇਂ ਪੋਰਟਲ ਰਾਹੀਂ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੋਰਟਲ ਦਾ ਇੰਟਰਫੇਸ ਉਪਯੋਗਕਰਤਾ ਦੇ ਅਨੁਕੂਲ ਹੈ ਅਤੇ ਸਮੁੱਚੀ ਦਾਖ਼ਲਾ ਪ੍ਰਕਿਰਿਆ ਕਾਲਜ ਜਾਏ ਬਿਨਾਂ ਪੂਰੀ ਕੀਤੀ ਗਈ ਹੈ, ਜੋ ਕਿ ਇਸ ਵਿਸ਼ਵ ਸਿਹਤ ਸੰਕਟ ਦੇ ਦੌਰ ਵਿੱਚ ਸਮੇਂ ਦੀ ਲੋੜ ਸੀ। ਉਨ੍ਹਾਂ ਅਜਿਹੀ ਵਿਧੀ ਵਿਕਸਤ ਕਰਨ ਲਈ ਕੈਪਟਨ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿੱਥੇ ਵਿਦਿਆਰਥੀ ਕਿਸੇ ਸੰਸਥਾ ਵਿੱਚ ਜਾਣ ਤੋਂ ਬਗੈਰ ਵੀ ਕਿਸੇ ਵੀ ਕਾਲਜ ਵਿੱਚ ਦਾਖਲਾ ਲੈ ਸਕਦੇ ਹਨ।

Leave a Reply

Your email address will not be published. Required fields are marked *