ਜਲੰਧਰ ਵਿੱਚ 174169 ਲਾਭਪਾਤਰੀ ਪ੍ਰਾਪਤ ਕਰਨਗੇ ਦੁੱਗਣੀ ਸਮਾਜਿਕ ਸੁਰੱਖਿਆ ਪੈਨਸ਼ਨ

Jalandhar Punjab ब्रेकिंग न्यूज़

ਜਲੰਧਰ, 31 ਅਗਸਤ ( ਨਿਊਜ਼ ਹੰਟ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਇਕ ਵਰਚੁਅਲ ਸਮਾਗਮ ਦੌਰਾਨ ਸੂਬੇ ਵਿੱਚ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਦੁੱਗਣੀ ਵਿੱਤੀ ਸਹਾਇਤਾ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜਲੰਧਰ ਵਿੱਚ ਕੁੱਲ 174169 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ ।

ਸਮਾਗਮ ਵਿੱਚ ਹਿੱਸਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਮਹੀਨਾਵਾਰ ਪੈਨਸ਼ਨ ਦੀ ਰਾਸ਼ੀ ਨੂੰ ਦੁੱਗਣਾ (750 ਰੁਪਏ ਤੋਂ 1500 ਰੁਪਏ) ਕਰ ਦਿੱਤਾ ਗਿਆ ਹੈ, ਜੋ ਕਿ ਜ਼ਿਲ੍ਹੇ ਵਿੱਚ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗਾਂ ਵਜੋਂ ਲਾਭ ਲਈ ਦਰਜ 1.74 ਲੱਖ ਲਾਭਪਾਤਰੀਆਂ ਦੀ ਭਲਾਈ ਵਿੱਚ ਵਧੇਰੇ ਮਦਦਗਾਰ ਸਾਬਤ ਹੋਵੇਗੀ।

ਇਨ੍ਹਾਂ ਵਿੱਚੋਂ ਕੁੱਲ 116154 ਬਜ਼ੁਰਗ, 40791 ਵਿਧਵਾਵਾਂ, 6846 ਆਸ਼ਰਤ ਬੱਚੇ ਅਤੇ 10387 ਵਿਸ਼ੇਸ਼ ਲੋੜਾਂ ਵਾਲੇ ਯੋਗ ਲਾਭਪਾਤਰੀ ਵਿੱਤੀ ਸਹਾਇਤਾ ਲਈ ਸਮਾਜਿਕ ਸੁਰੱਖਿਆ ਵਿਭਾਗ ਪਾਸ ਰਜਿਸਟਰ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਧੀ ਹੋਈ ਪੈਨਸ਼ਨ ਲਾਭਪਾਤਰੀਆਂ ਨੂੰ ਹੋਰ ਸਸ਼ਕਤ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਸਮਾਗਮ ਦੌਰਾਨ 21 ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਪੈਨਸ਼ਨ ਦੇ ਚੈੱਕ ਸੌਂਪ ਕੇ ਜ਼ਿਲ੍ਹੇ ਵਿੱਚ ਦੁੱਗਣੀ ਪੈਨਸ਼ਨ ਦੀ ਵੰਡ ਦਾ ਆਗਾਜ਼ ਕੀਤਾ । ਉਨ੍ਹਾਂ ਕਿਹਾ ਕਿ ਰਾਸ਼ੀ ਵਿੱਚ ਵਾਧਾ ਕਰਨ ਦਾ ਉਦੇਸ਼ ਸਮੂਹ ਲਾਭਪਾਤਰੀਆਂ ਨੂੰ ਸਸ਼ਕਤ ਬਣਾਉਣਾ ਹੈ ਕਿਉਂਕਿ ਉਹ ਵੀ ਸਮਾਜ ਦਾ ਅਨਿੱਖੜਵਾਂ ਅੰਗ ਹਨ। ਇਹ ਸਮਾਗਮ ਜ਼ਿਲ੍ਹੇ ਭਰ ਵਿੱਚ 22 ਸਥਾਨਾਂ ‘ਤੇ ਇੱਕੋ ਸਮੇਂ ਆਯੋਜਿਤ ਕੀਤਾ ਗਿਆ ਸੀ, ਜਿੱਥੇ ਲੋਕ ਨੁਮਾਇੰਦਿਆਂ ਵੱਲੋਂ 3340 ਲਾਭਪਾਤਰੀਆਂ ਨੂੰ 50.97 ਲੱਖ ਰੁਪਏ ਦੇ ਦੁੱਗਣੇ ਪੈਨਸ਼ਨ ਲਾਭਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ ।

ਪੈਨਸ਼ਨ ਲਾਭਪਾਤਰੀ ਕਾਂਤਾ ਦੇਵੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਇਤਿਹਾਸਕ ਫੈਸਲਾ ਉਸ ਨੂੰ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਯੋਗ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ ।ਉਸ ਨੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦੇ ਨਾਲ ਖੜ੍ਹੀ ਰਹੀ ਹੈ, ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਅਤੇ ਇਹ ਫ਼ੈਸਲਾ ਕਮਜ਼ੋਰ ਲੋਕਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬੁਢਾਪਾ ਪੈਨਸ਼ਨ ਸਕੀਮ ਅਧੀਨ ਰਜਿਸਟਰ ਇਕ ਹੋਰ ਲਾਭਪਾਤਰੀ ਦੇਸ ਰਾਜ ਨੇ ਕਿਹਾ ਕਿ 1500 ਪ੍ਰਤੀ ਮਹੀਨਾ ਉਸ ਲਈ ਬਹੁਤ ਮਾਅਨੇ ਰੱਖਦਾ ਹੈ, ਜੋ ਉਸ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਸਹਾਇਕ ਹੋਵੇਗਾ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਅਰੋੜਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਵਿਭਾਗ ਵੱਲੋਂ ਕੁੱਲ 4294 ਨਵੇਂ ਲਾਭਪਾਤਰੀ ਰਜਿਸਟਰ ਕੀਤੇ ਗਏ ਹਨ, ਜਿਸ ਨਾਲ ਜੂਨ 2021 ਵਿੱਚ ਕੁੱਲ ਰਜਿਸਟਰ 169875  ਲਾਭਪਾਤਰੀਆਂ ਦੀ ਗਿਣਤੀ ਜੁਲਾਈ 2021 ਵਿੱਚ 174169 ਹੋ ਗਈ । ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ 1.74 ਲੱਖ ਲਾਭਪਾਤਰੀਆਂ ਨੂੰ ਜੁਲਾਈ ਦੀ ਪੈਨਸ਼ਨ ਦੇ ਰੂਪ ਵਿੱਚ 166032500 ਰੁਪਏ ਪ੍ਰਾਪਤ ਹੋਣਗੇ, ਜੋ ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ ਤਬਦੀਲ ਕਰ ਦਿੱਤੇ ਜਾਣਗੇ । ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 297 ਸਥਾਨਾਂ ‘ਤੇ ਵੰਡ ਸਮਾਗਮ ਦਾ ਟੈਲੀਕਾਸਟ ਕੀਤਾ ਗਿਆ ਅਤੇ 55 ਅਜਿਹੇ ਸਥਾਨਾਂ ਨੂੰ ਵੈਬੀਨਾਰ ਦੇ ਮਾਧਿਅਮ ਰਾਹੀਂ ਜੋੜਿਆ ਗਿਆ। ਇਸ ਮੌਕੇ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ. ਡਾ. ਬਲਰਾਜ ਰਾਜ ਸਿੰਘ ਅਤੇ ਹੋਰ ਮੌਜੂਦ ਸਨ।

Leave a Reply

Your email address will not be published.