ਜਲੰਧਰ ਅੱਜ 60000 ਖੁਰਾਕਾਂ ਦੇ ਕੇ 17 ਲੱਖ ਕੋਵਿਡ ਟੀਕਾਕਰਨ ਦੇ ਅੰਕੜੇ ਨੂੰ ਕਰੇਗਾ ਪਾਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

जालंधर पंजाब ब्रेकिंग न्यूज़

ਜਲੰਧਰ, 16 ਸਤੰਬਰ ( ਨਿਊਜ਼ ਹੰਟ )- ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਵੈਕਸੀਨ ਦੀਆਂ 60,000 ਖੁਰਾਕਾਂ ਦੀ ਤਾਜ਼ਾ ਸਪਲਾਈ ਪ੍ਰਾਪਤ ਹੋਣ ਸਦਕਾ ਜਲੰਧਰ 47 ਸੈਸ਼ਨ ਸਾਈਟਾਂ ਵਿੱਚ ਪੂਰੇ ਸਟਾਕ ਦੀ ਵਰਤੋਂ ਕਰਦਿਆਂ ਅੱਜ ਦਿਨ ਖਤਮ ਹੋਣ ਤੱਕ 17 ਲੱਖ ਟੀਕਾਕਰਨ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ।

16 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਵਿਸ਼ਾਲ ਟੀਕਾਕਰਨ ਮੁਹਿੰਮ ਅੱਜ ਆਪਣੇ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਈ ਹੈ, ਜੋ ਦਰਸਾਉਂਦੀ ਹੈ ਕਿ ਜਲੰਧਰ ਵਿੱਚ ਹਰ ਮਹੀਨੇ 1.88 ਲੱਖ ਲੋਕਾਂ ਨੂੰ ਇਹ ਜੀਵਨ ਰੱਖਿਅਕ ਖੁਰਾਕ ਦਿੱਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ ਇਸ ਮੁਹਿੰਮ ਤਹਿਤ 1649618 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਅੱਜ ਜ਼ਿਲ੍ਹੇ ਭਰ ਵਿੱਚ 47 ਸੈਸ਼ਨ ਸਾਈਟਾਂ ‘ਤੇ ਮੈਗਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦਾ ਮਤਲਬ ਹੈ ਕਿ ਦਿਨ ਦੀ ਸਮਾਪਤੀ ਤੱਕ ਜ਼ਿਲ੍ਹਾ 17 ਲੱਖ ਦੇ ਮੀਲ ਪੱਥਰ ਨੂੰ ਪਾਰ ਕਰ ਲਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਦੀ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ਚਲਾਉਣ ਸਦਕਾ ਜਲੰਧਰ ਪੰਜਾਬ ਦਾ ਦੂਜਾ ਮੋਹਰੀ ਜ਼ਿਲ੍ਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਦੀ ਇੱਕ ਹੋਰ ਲਹਿਰ ਦੀ ਰੋਕਥਾਮ ਲਈ ਸਰਗਰਮ ਟੀਕਾਕਰਨ ਹੀ ਇਕਮਾਤਰ ਹਥਿਆਰ ਹੈ ਅਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਇਸ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਹਰ ਯੋਗ ਵਿਅਕਤੀ ਦੇ ਟੀਕਾਕਰਨ ਨੂੰ ਯਕੀਨੀ ਬਣਾਇਆ ਜਾ ਸਕੇ।

ਸ਼੍ਰੀ ਥੋਰੀ ਨੇ ਕਿਹਾ ਕਿ ਵੈਕਸੀਨ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਪ੍ਰਸ਼ਾਸਨ ਨੂੰ ਸਪਲਾਈ ਪ੍ਰਾਪਤ ਹੁੰਦੀ ਹੈ, ਲਾਭਪਾਤਰੀਆਂ ਨੂੰ ਸਮੁੱਚੀਆਂ ਖੁਰਾਕਾਂ ਦੇਣ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਸਮੂਹ ਲਾਭਪਾਤਰੀਆਂ ਦੀ ਜਲਦੀ ਤੋਂ ਜਲਦੀ ਕਵਰੇਜ ਕਰਨ ਨਾਲ ਵਾਇਰਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਉਨ੍ਹਾਂ ਟੀਕਾਕਰਨ ਕਰਵਾਉਣ ਵਾਲਿਆਂ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਾਲੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *