- Apex Legends Mobile launched on Android and iOS. - May 17, 2022
- News Hunt Daily Evening E-Paper - May 17, 2022
- News Hunt Daily Evening E-Paper - May 17, 2022
ਪੰਜਾਬ 6 ਅਕਤੂਬਰ ( ਨਿਊਜ਼ ਹੰਟ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਦੱਸਿਆ ਕਿ ਜਨਤਕ ਬੱਸ ਸੇਵਾ ਨੂੰ ਹੋਰ ਮਜ਼ਬੂਤ ਕਰਦਿਆਂ ਸਰਕਾਰੀ ਬੱਸਾਂ ਦੇ ਬੇੜੇ ਵਿੱਚ 842 ਹੋਰ ਬੱਸਾਂ ਛੇਤੀ ਸ਼ਾਮਲ ਕੀਤੀਆਂ ਜਾਣਗੀਆਂ।
ਟਰਾਂਸਪੋਰਟ ਵਿਭਾਗ ਦੇ ਸਮੂਹ ਆਰ.ਟੀ.ਏ. ਸਕੱਤਰਾਂ ਅਤੇ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਦੀ ਹਫ਼ਤਾਵਾਰੀ ਕਾਰਗੁਜ਼ਾਰੀ ਦੀ ਸਮੀਖਿਆ ਮੀਟਿੰਗ ਦੌਰਾਨ ਸ. ਰਾਜਾ ਵੜਿੰਗ ਨੇ ਦੱਸਿਆ ਕਿ 842 ਬੱਸਾਂ ਪਾਉਣ ਸਬੰਧੀ ਟੈਂਡਰ ਲਗ ਚੁੱਕਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਬੱਸਾਂ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਅਗਲੇਰੀ ਕਾਰਵਾਈ ਛੇਤੀ ਤੋਂ ਛੇਤੀ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਅਕਤੂਬਰ ਮਹੀਨੇ ਦੇ ਅਖ਼ੀਰ ਤੱਕ 250 ਬੱਸਾਂ ਦੀ ਪਹਿਲੀ ਖੇਪ ਸੂਬੇ ਵਿੱਚ ਆ ਜਾਵੇਗੀ ਜਦਕਿ ਨਵੰਬਰ ਦੇ ਅਖ਼ੀਰ ਤੱਕ 592 ਬੱਸਾਂ ਮਿਲ ਜਾਣਗੀਆਂ, ਜੋ ਅਗਲੇ ਡੇਢ ਮਹੀਨੇ ਦੌਰਾਨ ਸੂਬੇ ਦੀਆਂ ਸੜਕਾਂ ਦਾ ਸ਼ਿੰਗਾਰ ਬਣਨਗੀਆਂ।
ਪਿਛਲੇ ਦਿਨੀਂ ਵਿੱਢੀ ਬੱਸ ਅੱਡਿਆਂ ਦੀ ਸਫ਼ਾਈ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ ਦੇ ਨਿਰਦੇਸ਼ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਬੱਸ ਸਟੈਂਡਾਂ ਵਿੱਚ ਹਰ ਪੰਦਰਵਾੜੇ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਦੇ ਦੌਰੇ ਮੌਕੇ ਸਫ਼ਾਈ ਠੇਕੇਦਾਰਾਂ ਵੱਲੋਂ ਕੁਤਾਹੀ ਵਰਤਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਇਸ ਲਈ ਡਿਪੂਆਂ ਦੇ ਜਨਰਲ ਮੈਨੇਜਰ ਸਫ਼ਾਈ ਸਬੰਧੀ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਦੁਬਾਰਾ ਕੁਤਾਹੀ ਵਰਤਣ ‘ਤੇ ਜੁਰਮਾਨੇ ਦੀ ਵਿਵਸਥਾ ਕਰਨ ਤਾਂ ਜੋ ਬੱਸ ਅੱਡਿਆਂ ਦੀ ਸਫ਼ਾਈ ਹਰ ਹਾਲ ਵਿੱਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਤੋਂ ਬਾਹਰਲੇ ਖੇਤਰ ਵਿੱਚ ਵੀ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਾਰਵਾਈ ਅਰੰਭੀ ਜਾਵੇ।
ਉਨ੍ਹਾਂ ਜਨਰਲ ਮੈਨੇਜਰਾਂ ਨੂੰ ਬੱਸਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਜਿੱਥੇ ਰੋਜ਼ਾਨਾ ਘੱਟੋ-ਘੱਟ ਪੰਜ ਬੱਸਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ, ਉਥੇ ਆਉਂਦੇ ਸ਼ੁੱਕਰਵਾਰ ਤੱਕ ਸਰਕਾਰੀ ਬੱਸਾਂ ਤੋਂ ਤਮਾਕੂ ਉਤਪਾਦਾਂ ਅਤੇ ਹੋਰਨਾਂ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਸਾਰੇ ਇਸ਼ਤਿਹਾਰ ਉਤਾਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਵਿਭਾਗ ਦੇ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰਾਂ ਨੂੰ ਵੀ ਹਦਾਇਤ ਕੀਤੀ ਕਿ ਜਦੋਂ ਵੀ ਉਹ ਕਿਸੇ ਗ਼ੈਰਕਾਨੂੰਨੀ ਢੰਗ ਨਾਲ ਚਲ ਰਹੀ ਬੱਸ ਨੂੰ ਫੜਨ ਤਾਂ ਉਸ ਦੀ ਮੁਕੰਮਲ ਵੀਡੀਉਗ੍ਰਾਫ਼ੀ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਮੰਤਰੀ ਨੇ ਕਿਸੇ ਵੀ ਕਿਸਮ ਦੀ ਸ਼ਿਕਾਇਤ ਅਤੇ ਸੁਝਾਅ ਦੇਣ ਲਈ ਆਪਣਾ ਨਿੱਜੀ ਵੱਟਸਐਪ ਨੰਬਰ 94784-54701 ਵੀ ਜਾਰੀ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਕਿਤੇ ਵੀ ਸਰਕਾਰੀ ਬੱਸਾਂ ਵਿੱਚ ਊਣਤਾਈ ਵੇਖਣ ਤਾਂ ਤੁਰੰਤ ਉਸ ਦੀ ਸੂਚਨਾ ਜਾਂ ਤਸਵੀਰ ਇਸ ਵੱਟਸਐਪ ਨੰਬਰ ‘ਤੇ ਸਾਂਝੀ ਕਰਨ।
ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਲਈ ਬੱਸ ਪਾਸ ਸਕੀਮ ਲਾਗੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਸ. ਵੜਿੰਗ ਨੇ ਕਿਹਾ ਕਿ ਜਦ ਪ੍ਰਾਈਵੇਟ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਸਕੀਮਾਂ ਆਦਿ ਦਾ ਲਾਭ ਦਿੱਤਾ ਜਾ ਸਕਦਾ ਹੈ ਤਾਂ ਇਨ੍ਹਾਂ ਲਈ ਬੱਸ ਪਾਸ ਜਾਰੀ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇ।
ਟਰਾਂਸਪੋਰਟ ਮੰਤਰੀ ਨੇ ਮੀਟਿੰਗ ਦੌਰਾਨ ਮੁੜ ਦੁਹਰਾਇਆ ਕਿ ਵਿਭਾਗ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਤੋਂ ਨਿਭਾਉਣ ।
ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ, ਡਾਇਰੈਕਟਰ ਸਟੇਟ ਟਰਾਂਸਪੋਰਟ ਸ. ਭੁਪਿੰਦਰ ਸਿੰਘ ਰਾਏ, ਐਮ.ਡੀ. ਪੀ.ਆਰ.ਟੀ.ਸੀ. ਡਾ. ਭੁਪਿੰਦਰ ਪਾਲ ਸਿੰਘ ਸਮੇਤ ਵਿਭਾਗ ਦੇ ਸਮੂਹ ਸਕੱਤਰ ਆਰ.ਟੀ.ਏ, ਜੀ.ਐਮ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।