ਵਾਤਾਵਰਣ ਦੀ ਸ਼ੁਧਤਾ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਈ ਜਾਵੇ: ਐਸ ਡੀ ਐਮ

पंजाब ब्रेकिंग न्यूज़

ਪਠਾਨਕੋਟ: 26 ਅਕਤੂਬਰ (ਨਿਊਜ਼ ਹੰਟ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ” ਤਹਿਤ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਆਡੀਟੋਰੀਅਮ ਸੈਲੀ ਰੋਡ ਵਿਖੇ ਅੱਜ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਅਤੇ ਆਤਮਾ ਤਹਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਕਿਸਾਨ ਮੇਲੇ ਵਿੱਚ ਕਾਂਗਰਸੀ ਆਗੂ ਸ੍ਰੀ ਅਸ਼ੀਸ਼ ਵਿਜ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਕੈਂਪ ਦਾ ਉਦਘਾਟਨ ਐਸ ਡੀ ਐਮ ਸ੍ਰੀ ਗੁਰਸ਼ਰਨ ਸਿੰਘ ਢਿਲੋਂ ਨੇ ਕੀਤਾ।ਕੈਂਪ ਦੀ ਪ੍ਰਧਾਨਗੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ। ਇਸ ਮੌਕੇ ਖੇਤੀਬਾੜੀ, ਬਾਗਬਾਨੀ, ਡੇਅਰੀ ਵਿਭਾਗ,ਮੱਛੀ ਪਾਲਣ, ਨਿੱਜੀ ਅਦਾਰੇ ਅਤੇ ਅਗਾਂਹ ਵਧੂ ਕਿਸਾਨਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਕਿਸਾਨ ਮੇਲੇ ਦਾ ਮੁੱਖ“ਉਦੇਸ਼ ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤੁ”ਸੀ ।ਵੱਖ ਵੱਖ ਅਦਾਰਿਆ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ,ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ ਵਿਕਰਾਂਤ ਧਵਨ, ਡਾ,ਸੁਖਪ੍ਰੀਤ ਸਿੰਘ ਡਿਪਟੀ ਪੀ. ਡੀ (ਆਤਮਾ) , ਡਾ ਪਿ੍ਰਤਪਾਲ ਸਿੰਘ,ਡਾ. ਅਰਜੁਨ ਸਿੰਘ, ਡਾ ਪਿ੍ਰਅੰਕਾ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ,ਜਤਿੰਦਰ ਕੁਮਾਰ,ਸੁਭਾਸ਼ ਚੰਦਰ,ਜੇ ਪੀ ਸਿੰਘ,ਰਵਿੰਦਰ ਸਿੰਘ, ਖੇਤੀ ਵਿਸਥਾਰ ਅਫਸਰ, ਬਲਵਿੰਦਰ ਕੁਮਾਰ, ਗੌਰਵ ਕੁਮਾਰ ਝਲੋਆ, ਸੁਖਦੇਵ ਸਿੰਘ ਸੁੱਖਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਸ਼੍ਰੀ ਅਸ਼ੀਸ਼ ਵਿੱਜ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਪਰਵਿਾਰ ਦੀਆਂ ਜ਼ਰੂਰ ਨੂੰ ਮੁੱਖ ਰੱਖਦਿਆਂ ਘਰੇਲੂ ਪੱਧਰ ਤੇ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਘੱਟੋ ਘੱਟ ਵਰਤੋਂ ਕਰਕੇ ਦਾਲਾਂ ਅਤੇ ਸਬਜੀਆ ਪੈਦਾ ਕਰਨੀਆਂ ਚਾਹੀਦੀਆਂ ,ਜਿਸ ਨਾਲ ਕਿਸਾਨ ਮਹਿੰਗਾਈ ਤੇ ਕਾਬੂ ਪਾ ਸਕਦੇ ਹਨ।ਉਨਾਂ ਕਿਹਾ ਕਿ ਭੋਆ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜੋ ਭਵਿੱਖ ਵਿੱਚ ਦੌਰਾਨ ਲਾਗੂ ਕੀਤੀ ਜਾਵੇਗੀ।ਉਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਲਕਾ ਪਠਾਨਕੋਟ ਦੇ ਪੇਂਡੂ ਇਲਾਕਿਆਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਜਾਣ ਤਾਂ ਜੋ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਇਆ ਜਾ ਸਕੇ।

ਐਸ. ਡੀ. ਐਮ. ਸ਼੍ਰੀ ਗੁਰਸ਼ਰਨ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆ ਦਾ ਟਾਕਰਾ ਕਰਨ ਲਈ ਕਿਸਾਨਾਂ ਨੂੰ ਫਸਲਾਂ ਦੀ ਪੈਦਾਵਾਰ ਤੇ ਹੁੰਦੇ ਖਰਚੇ ਦਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿੰਨਾ ਖਰਚਾ ਅਤੇ ਕਿੰਨਾਂ ਲਾਭ ਹੋਇਆ ਹੈ।ਉਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਕਿਸਾਨ ਸਿਖਲਾਈ ਕੈਂਪ ਲਗਾਉਣਾ ਇੱਕ ਵਧੀਆ ਉਪਰਾਲਾ ਹੈ। ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਬਲਾਕ ਅਤੇ ਪਿੰਡ ਪੱਧਰ ’ਤੇ ਵੀ ਲਗਾਏ ਜਾਣ ਤਾਂ ਜੋ ਜਿਹੜੇ ਕਿਸਾਨ ਇਸ ਕੈਂਪ ਵਿੱਚ ਨਹੀਂ ਆ ਸਕੇ ਹਨ,ਉਹ ਇੰਨ੍ਹਾਂ ਕੈਂਪ ਵਿੱਚ ਆ ਕੇ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਅਤੇ ਕਿਸਾਨ ਭਲਾਈ ਸਕੀਮਾਂ ਬਾਰੇ ਜਾਣੂ ਹੋ ਸਕਣ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਖੇਤੀ ਮਾਹਿਰਾਂ ਦੁਆਰਾ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਹੀ ਕਰਨ।

ਮੁੱਖ ਖੇਤੀਬਾੜੀ ਅਫਸਰ ਡਾ, ਹਰਤਰਨਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਦੀ ਵਧ ਰਹੀ ਸਮੱਸਿਆ ਨੂੰ ਮੁੱਖ ਰੱਖਦਿਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਦੀ ਬਿਜਾਏ ਖੇਤਾਂ ਵਿੱਚ ਵਾਹ ਕੇ ਝੋਨੇ ਦੀ ਲਵਾਈ ਕੀਤੀ ਜਾਵੇ ਤਾਂ ਜੋ ਝੋਨੇ ਦੀ ਪੈਦਾਵਾਰ ਵਧਣ ਦੇ ਨਾਲ ਨਾਲ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਵੀ ਮਿਲੇਗੀ। ਉਨਾਂ ਸਮੂਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤਾਂ ਵਿੱਚ ਸੰਭਾਲ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਜੇ ਤੱਕ ਜ਼ਿਲਾ ਪਠਾਨਕੋਟ ਵਿੱਚ ਪਰਾਲੀ ਨੂੰ ਅੱਗ ਲੱਗਣ ਦਾ ਕੋਈ ਵੀ ਵਾਕਿਆ ਦਰਜ਼ ਨਹੀਂ ਹੋਇਆ ਜਦਕਿ ਸਮੁੱਚੇ ਪੰਜਾਬ ਵਿੱਚ 3000 ਤੋਂ ਵੱਧ ਜਗਾ ਤੇ ਪਰਾਲੀ ਨੂੰ ਅੱਗ ਲੱਗਣ ਦੇ ਵਾਕਿਆ ਦਰਜ ਕੀਤੇ ਗਏ ਹਨ। ਉਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੁੱਚੇ ਸਟਾਫ ਖਾਸ ਕਰਕੇ ਬਲਾਕ ਪਠਾਨਕੋਟ ਦੇ ਸਟਾਫ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾ ਅੰਦਰ ਸੰਭਾਲ ਲਈ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ “ਕਾਮਯਾਬ ਕਿਸਾਨ ਖੁਸ਼ਹਾਲ ਕਿਸਾਨ”ਮਿਸ਼ਨ ਨੂੰ ਕਾਮਯਾਬ ਬਨਾਉਣ ਲਈ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਦੇ ਨਾਲ ਨਾਲ ਕੀਟਨਾਸ਼ਕਾਂ ਦੀ ਜ਼ਰੂਰਤ ਅਨੁਸਾਰ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਪੇਸ਼ ਆਵੇ ਤਾਂ ਖੇਤੀਬਾੜੀ ਅਧਿਕਾਰੀਆਂ ਜਾਂ ਜ਼ਿਲਾ ਪ੍ਰਸ਼ਾਸ਼ਣ ਦੇ ਧਿਆਨ ਵਿੱਚ ਲਿਆਉਣ।ਉਨਾਂ ਕਿਸਾਨਾਂ ਨੂੰ ਆਪਣੀ ਜਿਨਸਾਂ ਦਾ ਐਗਮਾਰਕ ਕਰਵਾ ਕੇ ਖੁਦ ਮੰਡੀਕਰਨ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਕੋਲ ਖੇਤੀਬਾੜੀ ਵਿਕਾਸ ਲਈ ਕੋਈ ਸੁਝਾਅ ਹੋਣ ਤਾਂ ਖੇਤੀਬਾੜੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਸਕਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਦੀਆਂ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਅਤੇ ਸਕੀਮਾਂ ਪ੍ਰਤੀ ਜਾਗਰੁਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ ਵੱਖ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਪਰ ਫਿਰ ਵੀ ਜੇਕਰ ਕਿਸੇ ਦੀ ਕੋਈ ਸਮੱੋਸਿਆਂ ਹੋਵੇ ਤਾਂ ਉਹ ਲਿਖਤੀ ਰੂਪ ਵਿੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਸਕਦਾ ਹੈ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਖੇਤੀ ਮਾਹਿਰ ਡਾ, ਪੁਨੀਤ ਨੇ ਪਰਾਲੀ ਦੀ ਸੰਭਾਲ ਬਾਰੇ, ਡਾ. ਸੀਮਾ ਸ਼ਰਮਾ ਨੇ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ, ਡਾ. ਬਿਕਰਮਜੀਤ ਸਿੰਘ ਨੇ ਬਾਗਾਂ ਦੇ ਰੱਖ ਰਖਾਵ, ਡਾ. ਪਿ੍ਰਤਪਾਲ ਸਿੰਘ ਨੇ ਪਸ਼ੂ ਪਾਲਣ ਬਾਰੇ,ਡਾ.ਸੀਮਾ ਸਰਮਾ ਨੇ ਮਿੱਟੀ ਦੀ ਸਿਹਤ ਸੁਧਾਰ ਬਾਰੇ,ਡਾ. ਨਰਿੰਦਰ ਸਿੰਘ ਡਿਪਟੀ ਡਾਇਰੈਕਟਰ ਕੇ ਵੀ ਕੇ ਨੇ ਖੇਤੀ ਜਿਨਸਾਂ ਦੇ ਮੰਡੀਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।ਡਾ. ਅਮਰੀਕ ਸਿੰਘ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਉਣ ਦੇ ਨਾਲ ਨਾਲ ਝੋਨੇ ਦਾ ਬੀਜ ਖੁਦ ਪੈਦਾ ਕਰਨ ਦੇ ਨੁਕਤੇ ਸਾਂਝੇ ਕੀਤੇ।ਇਸ ਮੌਕੇ ਦਸ ਅਗਾਂਹਵਧੂ ਕਿਸਾਨਾਂ ਅਤੇ ਬੇਹਤਰ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨ ਪੱਤਰ ਅਤੇ ਫਲਦਾਰ ਪੌਦੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *