- Calgary Flames 9-6 victory in Game 1 against Oilers. - May 19, 2022
- Tom Cruise granted privileged Palme d’Or at Cannes Film Festival. - May 19, 2022
- Dallas Mavericks lose to Golden State Warriors in Game 1. - May 19, 2022
ਜਲੰਧਰ, 5 ਨਵੰਬਰ (ਨਿਊਜ਼ ਹੰਟ)- ਪੈਨ ਇੰਡੀਆ ਅਵੇਅਰਨੈਸ ਐਂਡ ਆਊਟਰੀਚ ਪ੍ਰੋਗਰਾਮਾਂ ਦੀ ਲੜੀ, ਜੋ ਕਿ 14 ਨਵੰਬਰ 2021 ਤੱਕ ਚਲਾਈ ਜਾ ਰਹੀ ਹੈ, ਤਹਿਤ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਕਾਨੂੰਨੀ ਸੇਵਾਵਾਂ ਸਕੀਮਾਂ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਦੀਵਾਲੀ ਦੇ ਮੌਕੇ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ “ਪਰਿਆਸ” ਦੇ ਬੱਚਿਆਂ ਵੱਲੋਂ ਤਿਆਰ ਕੀਤੇ ਦੀਵਾਲੀ ਦੇ ਦੀਵਿਆਂ ਅਤੇ ਕਾਰਡਾਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਿਹਰੀ, ਜਲੰਧਰ ਵਿਖੇ ਲਗਾਈ ਗਈ।
ਇਸ ਪ੍ਰਦਰਸ਼ਨੀ ਦਾ ਨਿਰੀਖਣ ਸ਼੍ਰੀ ਮਨਜਿੰਦਰ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਤੇ ਇੰਚਾਰਜ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਕੀਤਾ ਗਿਆ। ਉਨ੍ਹਾਂ ਨਾਲ ਡਾ. ਗਗਨਦੀਪ ਕੌਰ ਸੀ.ਜੇ.ਐਮ-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ, ਸ਼੍ਰੀ ਅਮਿਤ ਕੁਮਾਰ ਗਰਗ , ਸੀ.ਜੇ. ਐਮ. ਅਤੇ ਮੈਡਮ ਸੁਸ਼ਮਾ ਦੇਵੀ, ਸਿਵਲ ਜੱਜ (ਸੀਨੀਅਰ ਡਵੀਜ਼ਨ) ਜਲੰਧਰ ਵੀ ਸਨ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਕੀਤੇ ਇਨ੍ਹਾਂ ਦੀਵਿਆਂ ਅਤੇ ਕਾਰਡਾਂ ਨੂੰ ਖਰੀਦਣ ਵਿੱਚ ਜੱਜ ਸਾਹਿਬਾਨ, ਵਕੀਲਾਂ, ਸਟਾਫ਼ ਅਤੇ ਮੁਵੱਕਲਾਂ ਨੇ ਵਿਸ਼ੇਸ਼ ਰੁਚੀ ਦਿਖਾਈ। ਪਰਿਆਸ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਦੀਵਿਆਂ ਅਤੇ ਕਾਰਡਾਂ ਤੋਂ ਹੀ ਹੋਣ ਵਾਲੀ ਆਮਦਨ ਬੱਚਿਆਂ ਦੀ ਪੜਾਈ ‘ਤੇ ਖਰਚ ਕੀਤੀ ਜਾਵੇਗੀ।
ਇਸ ਮੌਕੇ ਡਾ. ਗਗਨਦੀਪ ਕੌਰ ਸੀ.ਜੇ.ਐਮ-ਕਮ-ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਦੱਸਿਆ ਕਿ ਮਾਨਸਿਕ ਤੌਰ ‘ਤੇ ਦਿਵਿਆਂਗ ਵਿਅਕਤੀ ਅਤੇ ਬੱਚੇ ਆਪਣੇ ਅਦਾਲਤੀ ਹੱਕਾਂ ਦੀ ਚਾਰਾਜੋਈ ਵਾਸਤੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਹਨ। ਮੁਫ਼ਤ ਕਾਨੂੰਨੀ ਸਹਾਇਤਾ ਵਾਸਤੇ ਵਕੀਲ ਦੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਵਿਕਲਪੀ ਝਗੜਾ ਨਿਵਾਰਣ ਕੇਂਦਰ ਜਲੰਧਰ ਵਿਖੇ ਜਾਂ ਟੋਲ ਫ੍ਰੀ ਨੰਬਰ 1968 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।