ਰਾਏਪੁਰ-ਮਹੇੜੂ ਰੋਡ ਨੂੰ 1.20 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ : ਪਰਗਟ ਸਿੰਘ

पंजाब ब्रेकिंग न्यूज़

ਜਲੰਧਰ, 6 ਨਵੰਬਰ (ਨਿਊਜ਼ ਹੰਟ)- ਖੇਡ ਅਤੇ ਸਿੱਖਿਆ ਮੰਤਰੀ ਸ. ਪਰਗਟ ਸਿੰਘ ਨੇ ਹਲਕੇ ਦੇ ਤੂਫ਼ਾਨੀ ਦੌਰੇ ਦੌਰਾਨ ਦੱਸਿਆ ਕਿ ਜਲੰਧਰ ਛਾਉਣੀ ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣ ਲਈ ਸੂਬਾ ਸਰਕਾਰ ਵੱਲੋਂ 1.20 ਕਰੋੜ ਰੁਪਏ ਦੀ ਲਾਗਤ ਨਾਲ 2.5 ਕਿਲੋਮੀਟਰ ਲੰਬੀ ਰਾਏਪੁਰ-ਮਹੇੜੂ ਸੜਕ ਨੂੰ 18 ਫੁੱਟ ਤੱਕ ਚੌੜਾ ਕਰਨ ਲਈ ਸੜਕੀ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਕੁਝ ਹੀ ਦਿਨਾਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ । ਉਨ੍ਹਾਂ ਅਧਿਕਾਰੀਆਂ ਨੂੰ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਵੀ ਕੀਤੀ ਤਾਂ ਜੋ ਲੋਕਾਂ ਨੂੰ ਇਸ ਪ੍ਰਾਜੈਕਟ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ।

ਪੰਚਾਇਤਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਲਗਾਤਾਰ ਦੂਜੇ ਦਿਨ 13 ਪਿੰਡਾਂ ਦੀਆਂ ਪੰਚਾਇਤਾਂ ਨੂੰ 1.35 ਕਰੋੜ ਰੁਪਏ ਦੇ ਚੈੱਕ ਵੰਡੇ।

ਪਿੰਡ ਚਾਹੋਵਾਲ ਨੇ 11 ਲੱਖ ਰੁਪਏ ਦਾ ਚੈਕ ਪ੍ਰਾਪਤ ਕੀਤਾ ਜਦਕਿ ਪਿੰਡ ਹਰਦੋ ਫਰਾਲਾ, ਰਾਏਪੁਰ, ਸਲਾਰਪੁਰ, ਦੌਲਤਪੁਰ, ਜੰਡਿਆਲਾ, ਪੰਡੌਰੀ ਮਸਰਕਤੀ, ਦਾਦੂਵਾਲ, ਅਬਾਦੀ ਦਾਦੂਵਾਲ, ਮਸ਼ੀਆਣਾ, ਸਮਰਾਏ, ਨੈਤੇਵਾਲ ਅਤੇ ਢਾਣੀਪਿੰਡ ਵੱਲੋਂ ਕ੍ਰਮਾਵਰ 9, 10, 11,9, 14, 9, 10, 8, 9, 12, 14 ਅਤੇ 9 ਲੱਖ ਰੁਪਏ ਦੇ ਚੈਕ ਪ੍ਰਾਪਤ ਕੀਤੇ ਗਏ । ਜ਼ਿਕਰਯੋਗ ਹੈ ਕਿ ਸ. ਪਰਗਟ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਵੀ ਸੱਤ ਪੰਚਾਇਤਾਂ ਨੂੰ 64 ਲੱਖ ਦੇ ਚੈੱਕ ਵੰਡੇ ਗਏ ਸਨ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਫੰਡ ਸ਼ਹਿਰਾਂ ਵਾਂਗ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਕਈ ਕਦਮ ਚੁੱਕੇ ਗਏ ਹਨ, ਜਿਸ ਸਦਕਾ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੇਂਡੂ ਸੜਕੀ ਨੈਟਵਰਕ ਦੇ ਸੁਧਾਰ, ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ, ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਮਜ਼ਬੂਤੀਕਰਨ, ਪਿੰਡਾਂ ਵਿੱਚ ਸਿਹਤ ਸਹੂਲਤਾਂ ਅਤੇ ਪੇਂਡੂ ਲੋਕਾਂ ਲਈ ਮਾਡਲ ਖੇਡ ਮੈਦਾਨਾਂ ਦੀ ਉਸਾਰੀ ‘ਤੇ ਜ਼ੋਰ ਦਿੱਤਾ ਹੈ।

ਸ. ਪਰਗਟ ਸਿੰਘ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਆਪੋ-ਆਪਣੇ ਪਿੰਡਾਂ ਵਿੱਚ ਵਿਕਾਸ ਕਾਰਜ ਤੁਰੰਤ ਸ਼ੁਰੂ ਕਰਵਾਉਣ ਲਈ ਕਿਹਾ ਗਿਆ ਹੈ ਕਿਉਂਕਿ ਪੇਂਡੂ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡਾਂ ਵਿੱਚ ਡਰੇਨੇਜ ਸਿਸਟਮ, ਸੜਕਾਂ, ਪਾਰਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖਰਚ ਕੀਤੀ ਜਾਵੇਗੀ।

Leave a Reply

Your email address will not be published.