- Celtics lost Game 1 against Heat. - May 18, 2022
- Avalanche beat Blues 3-2 in Game 1. - May 18, 2022
- News Hunt Daily Evening E-Paper - May 18, 2022
ਹੁਸ਼ਿਆਰਪੁਰ, 7 ਫਰਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ’ਤੇ ਸਖਤ ਕਾਰਵਾਈ ਕਰਦੇ ਹੋਏ ਇਸ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜ਼ਰੂਰੀ ਕਦਮ ਉਠਾਏ ਜਾਣਗੇ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਦੀ ਵਿਕਰੀ ਤੇ ਸਟੋਰ ਕਰਨ ਵਾਲੇ ਦੁਕਾਨਦਾਰਾਂ ਨੂੰ ਰੰਗੇ ਹੱਥ ਫੜਾਉਣ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਕਦ ਇਨਾਮ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ, ਜਿਸ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਪਹਿਲਾਂ ਹੀ ਧਾਰਾ 144 ਤਹਿਤ ਇਸ ਦੀ ਵਿਕਰੀ ’ਤੇ ਹੀ ਰੋਕ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰੰਤੂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਹੁਣ ਵੀ ਕੁਝ ਲੋਕ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ , ਜਿਸ ਨਾਲ ਦੁਰਘਟਨਾਵਾਂ ਹੋ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜੇਕਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚ ਰਿਹਾ ਹੈ, ਤਾਂ ਉਸ ਦੀ ਸੂਚਨਾ ਉਹ ਫੋਨ ਨੰਬਰ 01882-220301 ਤੇ 01882-220302 ’ਤੇ ਦੇ ਸਕਦੇ ਹਨ ਅਤੇ ਦੁਕਾਨਦਾਰ ਨੂੰ ਰੰਗੇ ਹੱਥੀ ਫੜਾਉਣ ਵਾਲੇ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹੇ ਵਿਚ ਇਸ ਦੇ ਖਿਲਾਫ਼ ਮੁਹਿੰਮ ਚਲਾ ਕੇ ਇਸ ਦੀ ਵਿਕਰੀ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਜਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੰਦੇ ਹੋਏ ਚੈਕਿੰਗ ਕਰਨ ਲਈ ਕਿਹਾ ਹੈ ਅਤੇ ਹਦਾਇਤ ਕੀਤੀ ਕਿ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ।
ਸ੍ਰੀਮਤੀ ਰਿਆਤ ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਬੱਚੇ ਪਤੰਗ ਉਡਾੳੋੁਣ ਲਈ ਸਿੰਥੈਟਿਕ, ਪਲਾਸਟਿਕ ਨਾਲ ਬਣੀ ਚਾਈਨਾ ਡੋਰ ਦਾ ਪ੍ਰਯੋਗ ਕਰਦੇ ਹਨ, ਜਿਸ ਨਾਲ ਗਲਾ ਤੇ ਕੰਨ ਕੱਟਣ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ ਅਤੇ ਕਈ ਵਾਰ ਇਸ ਡੋਰ ਦੀ ਚਪੇਟ ਵਿਚ ਆਉਣ ਨਾਲ ਦੋ ਪਹੀਆ ਵਾਹਨ ਚਾਲਕ ਅਕਸਰ ਜਾਨਲੇਵਾ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਤੋਂ ਇਲਾਵਾ ਚਾਈਨਾ ਡੋਰ ਨਾਲ ਪੰਛੀ ਵੀ ਫਸ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਮਰੇ ਹੋਏ ਪੰਛੀਆਂ ਦੇ ਬੂਟਿਆਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਸਬੰਧੀ ਜਾਗਰੁਕ ਕਰਨ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਸਪਲਾਈ ਚੇਨ ਨੂ ੰਰੋਕਣ ਲਈ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।