- Luka Doncic and the Dallas Mavericks dominate Phoenix Suns in Game 7. - May 16, 2022
- News Hunt Daily Evening E-Paper - May 15, 2022
- News Hunt Daily Evening E-Paper - May 15, 2022
ਜਲੰਧਰ, 25 ਫਰਵਰੀ (ਨਿਊਜ਼ ਹੰਟ)- ਮੁੱਖ ਚੋਣ ਅਫ਼ਸਰ (ਸੀ.ਈ.ਓ.), ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਜਲੰਧਰ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕਰ ਕੇ 10 ਮਾਰਚ, 2022 ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਅਤੇ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੁੱਖ ਚੋਣ ਅਫ਼ਸਰ ਨੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਐਸ.ਐਸ.ਪੀ. (ਦਿਹਾਤੀ) ਸਤਿੰਦਰ ਸਿੰਘ ਦੇ ਨਾਲ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਅਤੇ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਸਮੁੱਚੇ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਦੌਰਾ ਕੀਤਾ। ਉਨ੍ਹਾਂ ਹਰੇਕ ਸਟਰਾਂਗ ਰੂਮ ਵਿਖੇ ਈ.ਵੀ.ਐਮਜ਼ ਮਸ਼ੀਨਾਂ ਦੀ ਈ-ਨਿਗਰਾਨੀ ਤੋਂ ਇਲਾਵਾ ਲੋੜੀਂਦੀ ਫੋਰਸ ਦੀ ਤਾਇਨਾਤੀ ਸਮੇਤ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ, ਜਿਸ ਦੌਰਾਨ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਮੁੱਖ ਚੋਣ ਅਫ਼ਸਰ ਨੂੰ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਸਮੇਤ ਸਮੁੱਚੇ ਸਟਰਾਂਗ ਰੂਮਾਂ ‘ਤੇ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਸਟਰਾਂਗ ਰੂਮਾਂ ਦੇ ਬਾਹਰ ਐਲ.ਈ.ਡੀ. ਸਕਰੀਨਾਂ ਲਗਾਈਆਂ ਗਈਆਂ ਹਨ, ਜਿਸ ‘ਤੇ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ 24 ਘੰਟੇ ਲਾਈਵ ਸਟ੍ਰੀਮਿੰਗ ਰਾਹੀਂ ਈ.ਵੀ.ਐਮ ਮਸ਼ੀਨਾਂ ਨੂੰ ਦੇਖ ਸਕਦੇ ਹਨ।
ਮੁੱਖ ਚੋਣ ਅਫ਼ਸਰ ਨੇ ਸਿਆਸੀ ਪਾਰਟੀ ਦੇ ਨੁਮਾਇੰਦਿਆਂ ਲਈ ਨਿਰਧਾਰਤ ਥਾਵਾਂ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਗੱਲਬਾਤ ਦੌਰਾਨ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ‘ਤੇ ਪੂਰੀ ਤਸੱਲੀ ਪ੍ਰਗਟ ਕੀਤੀ। ਸੀ.ਈ.ਓ. ਨੇ ਸਮੁੱਚੇ ਸਟਰਾਂਗ ਰੂਮਾਂ ਤੇ ਗਿਣਤੀ ਕੇਂਦਰਾਂ ਦੀ ਚੈਕਿੰਗ ਕਰ ਕੇ ਇੱਥੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਸਾਰੇ ਗਿਣਤੀ ਕੇਂਦਰਾਂ ‘ਤੇ ਗਿਣਤੀ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਓਜਸਵੀ ਅਲੰਕਾਰ ਅਤੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰ ਮੌਜੂਦ ਸਨ।