- Luka Doncic and the Dallas Mavericks dominate Phoenix Suns in Game 7. - May 16, 2022
- News Hunt Daily Evening E-Paper - May 15, 2022
- News Hunt Daily Evening E-Paper - May 15, 2022
ਹੁਸ਼ਿਆਰਪੁਰ, 26 ਫਰਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੁਕਰੇਨ ਵਿਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਅਤੇ ਹੋਰ ਨਾਗਰਿਕਾਂ ਦੀ ਜਾਣਕਾਰੀ ਇਕੱਤਰ ਕਰਕੇ ਗ੍ਰਹਿ ਵਿਭਾਗ ਪੰਜਾਬ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੈਲਪਲਾਈਨ ਨੰਬਰਾਂ ’ਤੇ ਜ਼ਿਲ੍ਹੇ ਦੇ ਕੁਝ ਵਿਅਕਤੀਆਂ ਨੇ ਸੰਪਰਕ ਕਰਕੇ ਯੁਕਰੇਨ ਵਿਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੁਕਰੇਨ ਵਿਚ ਫਸੇ ਜ਼ਿਲ੍ਹੇ ਦੇ 20 ਲੋਕਾਂ ਦੀ ਸੂਚੀ ਉਨ੍ਹਾਂ ਦੇ ਨਾਮ, ਯੂਨੀਵਰਸਿਟੀ/ਕਾਲਜ ਦਾ ਨਾਮ, ਪਾਸਪੋਰਟ ਨੰਬਰ ਤੇ ਪਤੇ ਸਮੇਤ ਸਕੱਤਰ ਗ੍ਰਹਿ ਵਿਭਾਗ ਪੰਜਾਬ ਨੂੰ ਭੇਜ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਕੰਮਾਂ ਲਈ ਯੁਕਰੇਨ ਗਏ ਵਿਦਿਆਰਥੀਆਂ ਤੇ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਜਲਦ ਤੋਂ ਜਲਦ ਯਤਨ ਕੀਤੇ ਜਾਣ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਹੀ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਉਂ ਹੀ ਪ੍ਰਸ਼ਾਸਨ ਤੱਕ ਜ਼ਿਲ੍ਹੇ ਨਾਲ ਸਬੰਧਤ ਯੁਕਰੇਨ ਵਿਚ ਫਸੇ ਲੋਕਾਂ ਦੀ ਜਾਣਕਾਰੀ ਮਿਲਦੀ ਰਹੇਗੀ ਉਵੇਂ ਹੀ ਇਸ ਸਬੰਧ ਵਿਚ ਗ੍ਰਹਿ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਰਹੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਯੁਕਰੇਨ ਵਿਚ ਫਸੇ ਆਪਣੇ ਵਿਅਕਤੀਆਂ ਦੇ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੁਕਰੇਨ ਵਿਚ ਉਨ੍ਹਾਂ ਦਾ ਸਥਾਨ ਆਦਿ ਸਮੇਤ ਵੱਧ ਤੋਂ ਵੱਧ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੈਲਪਲਾਈਨ ਨੰਬਰਾਂ ’ਤੇ ਸਾਂਝੀ ਕਰਨ ਤਾਂ ਜੋ ਇਸ ਸਬੰਧੀ ਸੂਚਨਾ ਜਲਦ ਤੋਂ ਜਲਦ ਕਾਰਵਾਈ ਪੂਰੀ ਕਰਕੇ ਸਬੰਧਤ ਵਿਭਾਗ ਤੱਕ ਭੇਜੀ ਜਾ ਸਕੇ।
ਸ੍ਰੀਮਤੀ ਰਿਆਤ ਨੇ ਦੱਸਿਆ ਕਿ ਯੁਕਰੇਨ ਵਿਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਤੇ ਹੋਰ ਲੋਕਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੂਚਨਾ ਹੈਲਪਲਾਈਨ ਨੰਬਰਾਂ 01882-220301 ਤੇ ਮੋਬਾਇਲ ਨੰਬਰ 94173-55560 ’ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮਰਾ ਨੰਬਰ 105 ਵਿਚ ਕੰਮਕਾਜ ਸਮੇਂ ਦੌਰਾਨ ਵੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਤੱਕ ਮਿਲੀ ਸੂਚਨਾ ਅਨੁਸਾਰ ਹੁਸ਼ਿਆਰਪੁਰ ਦੇ ਪਿੰਡ ਖੜ੍ਹਕਾਂ ਦੀ ਨਲਿਨੀ ਕੌਰ, ਮੁਕੇਰੀਆਂ ਦੇ ਮੁਹੱਲਾ ਆਹਲੂਵਾਲੀ ਦੇ ਜੈ ਇੰਦਰਪ੍ਰੀਤ ਪਾਲ, ਪਿੰਡ ਹਾਜੀਪੁਰ ਦੀ ਕ੍ਰਿਸ਼ਮਾ ਚੌਧਰੀ, ਪਿੰਡ ਧਨੋਆ ਦੀ ਜਾਸਮੀਨ ਕੌਰ, ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਦੇ ਅੰਕਿਤ ਕਾਲੀਆ, ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੇ ਅਮਿਤ ਬੱਗਾ, ਤਲਵਾੜਾ ਦੀ ਅਨਿਕਾ, ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੀ ਪੂਨਮ ਕੇਸ਼ਵ, ਦਸੂਹਾ ਦੇ ਰਾਧਾ ਸੁਆਮੀ ਕਲੋਨੀ ਦੀ ਤੇਜਵੀਰ ਕੌਰ, ਮੁਕੇਰੀਆਂ ਦੇ ਪਿੰਡ ਖਿਚਿਆਂ ਦੇ ਮੁਹੱਲਾ ਵਸੰਤ ਵਿਹਾਰ ਦੀ ਗੁਰਲੀਨ ਪਾਲ ਕੌਰ, ਪਿੰਡ ਨੱਥੂਵਾਲ ਦੀ ਸੁਗੰਧਾ ਰਾਣਾ, ਪਿੰਡ ਸੰਗੋ ਕਤਰਾਲਾ ਦੀ ਚਾਹਤ ਨਾਗਲਾ, ਪਿੰਡ ਫਤਿਹਪੁਰ ਦੇ ਬਲਜਿੰਦਰ ਠਾਕੁਰ, ਪਿੰਡ ਹਲੇੜ ਜਨਾਰਦਨਾ ਦੀ ਅਦਿਤੀ ਠਾਕੁਰ ਤੇ ਪਿੰਡ ਟਾਂਡਾ ਰਾਮ ਸਹਾਏ ਦੇ ਅਮਨਪ੍ਰੀਤ ਸਿੰਘ, ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ ਦੀ ਨਵਨੀਤ ਕੌਰ ਘੁੰਮਣ, ਗੜ੍ਹਸ਼ੰਕਰ ਦੇ ਪਿੰਡ ਐਮਾ ਜੱਟਾਂ ਦੇ ਬਲਕਾਰ ਸਿੰਘ, ਮੁਕੇਰੀਆਂ ਦੇ ਪਿੰਡ ਟਾਂਡਾ ਚੁੜਿਆਂ ਦੀ ਰਾਬਿਆ ਸਿੰਘ ਖਾਸਰਿਆ ਤੇ ਢੋਲਾਖੇੜਾ ਦੇ ਪਾਰਥ ਸ਼ਰਮਾ ਅਤੇ ਦਸੂਹਾ ਦੇ ਵਾਰਡ ਨੰਬਰ 6 ਦੇ ਗੁਰਵਿੰਦਰ ਸਿੰਘ ਦਾ ਨਾਮ ਗ੍ਰਹਿ ਵਿਭਾਗ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਯੁਕਰੇਨ ਵਿਚ ਫਸੇ ਲੋਕਾਂ ਦੀ ਸਮੇਂ ਸਿਰ ਜਾਣਕਾਰੀ ਵਿਦੇਸ਼ ਮੰਤਰਾਲੇ ਤੱਕ ਪਹੁੰਚਾਉਣ ਵਿਚ ਇਕ ਅਹਿਮ ਕੜੀ ਵਜੋਂ ਕੰਮ ਕਰ ਰਿਹਾ ਹੈ।