ਦਸਤਕਾਰੀ ਤੇ ਸੰਸਕ੍ਰਿਤੀ ਦਾ ਸੁਮੇਲ : ਹੁਸ਼ਿਆਰਪੁਰ ’ਚ ਦਿਖੇਗੀ ਲਘੂ ਭਾਰਤ ਦੀ ਝਲਕ, ਕਰਾਫਟਸ ਬਾਜਾਰ 20 ਮਾਰਚ

देश पंजाब ब्रेकिंग न्यूज़ होशियारपुर

ਹੁਸ਼ਿਆਰਪੁਰ, 17 ਮਾਰਚ (ਨਿਊਜ਼ ਹੰਟ)- ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਲਘੂ ਭਾਰਤ ਦੀ ਝਲਕ ਨੂੰ ਦਰਸਾਉਂਦਾ ਕਰਾਫ਼ਟਸ ਬਾਜਾਰ 20 ਤੋਂ 29 ਮਾਰਚ ਤੋਂ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਚ ਸ਼ੁਰੂ ਹੋ ਰਿਹਾ ਹੈ। 10 ਰੋਜ਼ਾ ਚੱਲਣ ਵਾਲੇ ਇਸ ਕਰਾਫ਼ਟਸ ਬਾਜਾਰ ਵਿਚ ਜਿਥੇ ਦੇਸ਼ ਦੇ 14 ਰਾਜਾਂ ਤੇ 2 ਕੇਂਦਰੀ ਸ਼ਾਸਤ ਸੂਬਿਆਂ ਦੇ 150 ਤੋਂ ਵੱਧ ਦਸਤਕਾਰ, ਸ਼ਿਲਪਕਾਰ ਹਿੱਸਾ ਲੈ ਰਹੇ ਹਨ, ਉਥੇ 150 ਤੋਂ ਵੱਧ ਕਲਾਕਾਰਾਂ ਵਲੋਂ ਵੱਖ-ਵੱਖ ਰਾਜਾਂ ਦੇ ਲੋਕ ਨਾਚ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਕਰਾਫ਼ਟਸ ਬਾਜਾਰ ਦੇ ਸ਼ਡਿਊਲ ਬਾਰੇ ਜਾਣਕਾਰੀ ਦੇ ਰਹੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਾਫ਼ਟਸ ਬਾਜਾਰ ਦੇਸ਼ ਦੀ ਦਸਤਕਾਰੀ ਦੇ ਦਿਲਕਸ਼ ਨਮੂਨਿਆਂ ਨੂੰ ਪੇਸ਼ ਕਰੇਗਾ ਅਤੇ ਦੇਸ਼ ਦੇ ਦਸਤਕਾਰਾਂ ਲਈ ਆਪਣੀ ਦਸਤਕਾਰੀ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਦੇਸ਼ ਦੇ ਦਸਤਕਾਰਾਂ ਨੂੰ ਇਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕਰਨਾ ਹੈ, ਜਿਥੇ ਉਨ੍ਹਾਂ ਨੂੰ ਆਪਣੀਆਂ ਵਸਤਾਂ ਨੂੰ ਵੇਚਣ ਲਈ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮੌਕੇ ’ਤੇ ਤ੍ਰਿਪੁਰਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਗੁਜਰਾਤ, ਪੰਜਾਬ, ਉੜੀਸਾ, ਅਸਾਮ, ਮਨੀਪੁਰ, ਛਤੀਸਗੜ੍ਹ, ਉਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਰਾਜਸਥਾਨ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਨਚਾਰ, ਬਾਜੀਗਰ, ਬੀਨ ਯੋਗੀ, ਨਗਾੜਾ, ਮਲਵੱਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੇ।

ਸ੍ਰੀ ਹਿੰਮਾਂਸ਼ੂ ਜੈਨ ਨੇ ਦੱਸਿਆ ਕਿ 24 ਮਾਰਚ ਨੂੰ ਕਰਾਫ਼ਟਸ ਬਾਜਾਰ ਵਿਚ ਸਟਾਰ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਸਤਿੰਦਰ ਸਰਤਾਜ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਣਗੇ। ਇਸ ਤੋਂ ਇਲਾਵਾ 26 ਨੂੰ ਕਾਮੇਡੀ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਸਟੈਂਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਵਿਧਾ ਲਈ ਵੱਖ-ਵੱਖ ਰਾਜਾਂ ਤੋਂ ਸਬੰਧਤ ਫੂਡ ਸਟਾਲ ਤੋਂ ਇਲਾਵਾ ਬੱਚਿਆਂ ਲਈ ਝੂਲਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸੁਰੱਖਿਆ ਦੇ ਲਿਹਾਜ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ,ਜਿਸ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਇਲਾਵਾ 100 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੇਸ਼ ਦੀ ਦਸਤਕਾਰੀ ਤੇ ਸੰਸਕ੍ਰਿਤੀ ਦਾ ਸੁਮੇਲ ਦੇਖਣ ਲਈ ਜਨਤਾ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਜ਼ਿਲ੍ਹਾ ਵਿਕਾਸ ਫੈਲੋ ਅਦਿਤਿਆ ਮਦਾਨ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਤੋਂ ਇਲਾਵਾ ਚੰਦਰ ਪ੍ਰਕਾਸ਼ ਵੀ ਮੌਜੂਦ ਸਨ।

Leave a Reply

Your email address will not be published.