16.2 C
Jalandhar
Monday, December 23, 2024

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ

ਪੰਜਾਬ 3 ਸਤੰਬਰ ( ਨਿਊਜ਼ ਹੰਟ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਫਲਸਫੇ ਨੂੰ ਦੁਨੀਆ ਭਰ ਵਿੱਚ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸ਼ਾਂਤੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਮਿਲ ਜੁਲ ਕੇ ਰਹਿਣ ਵਰਗੀਆਂ ਕਦਰਾਂ ਕੀਮਤਾਂ ਦੀ ਰਾਖੀ ਹੋ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਲਾਸਾਨੀ ਕੁਰਬਾਨੀ ਦਿੱਤੀ।

ਪੰਜਾਬ ਵਿਧਾਨ ਸਭਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੱਦੇ ਗਏ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਸਿੱਖ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਅਸੂਲਾਂ ਅਤੇ ਸੱਚ ਦੇ ਰਸਤੇ ‘ਤੇ ਚੱਲਣ ਵਰਗੀਆਂ ਦਿੱਤੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਪਰੰਪਰਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸੰਦੇਸ਼ ਉਸ ਭਾਵਨਾ ਦਾ ਆਧਾਰ ਹਨ ਜਿਸ ਨੂੰ ਅਸੀਂ ਪੰਜਾਬੀਅਤ ਕਹਿੰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿੱਚ ਸਾਡੀ ਸਾਂਝੀ ਤਹਿਜ਼ੀਬ, ਸਾਡੀ ਮਾਂ ਬੋਲੀ ਪੰਜਾਬੀ, ਲੋਕਾਂ, ਧਰਮਾਂ, ਜਾਤਾਂ ਅਤੇ ਸੰਪਰਦਾਵਾਂ ਤੋਂ ਉੱਪਰ ਉੱਠਦੀਆਂ ਇਕਸੁਰਤਾ ਅਤੇ ਭਾਈਚਾਰੇ ਦੀਆਂ ਡੂੰਘੀਆਂ ਤੰਦਾਂ ਸ਼ਾਮਿਲ ਹਨ। ਜਦੋਂ ਅਸੀਂ ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕਰਦੇ ਹਾਂ, ਤਾਂ ਇਸ ਤੋਂ ਬਾਅਦ ਪੰਜਾਬੀਅਤ ਦਾ ਜ਼ਿਕਰ ਆਉਣਾ ਲਾਜ਼ਮੀ ਤੌਰ ‘ਤੇ ਬਣਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ,”ਸਾਡੇ ਮਹਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਵਿੱਚ ਰੂਪਮਾਨ ਹੁੰਦੀ ਇਸ ਪੰਜਾਬੀਅਤ ਨੂੰ ਸਮਝੇ ਜਾਣ ਅਤੇ ਸ਼ਲਾਘਾ ਕਰਕੇ ਇਸ ਨੂੰ ਸਾਂਭੇ ਜਾਣ ਦੀ ਲੋੜ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬੀਅਤ ਦੀ ਇਸ ਭਾਵਨਾ ਨੂੰ ਸਾਡੇ ਲੋਕਾਂ ਨੇ ਦੁਨੀਆ ਦੇ ਸਾਰੇ ਕੋਨਿਆਂ ਤੱਕ ਪਹੁੰਚਾ ਦਿੱਤਾ ਹੈ ਜਿੱਥੇ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਕੁਰਬਾਨੀ ਸਦਕਾ ਇਕ ਨਿਵੇਕਲਾ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਹੋਰ ਕਿਹਾ,”ਪੰਜਾਬੀਅਤ ਨੂੰ ਅਕਸਰ ਹੀ ਅਜਿਹੀਆਂ ਤਾਕਤਾਂ ਨੇ ਚੁਣੌਤੀ ਦਿੱਤੀ ਹੈ ਜੋ ਕਿ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਸਭ ਨੂੰ ਨਾਲ ਲੈ ਕੇ ਚੱਲਣ ਦੇ ਪ੍ਰਣਾਏ ਵਿਰਸੇ ਦੀ ਥਾਂ ਸੌੜੀ ਅਤੇ ਛੋਟੀ ਸੋਚ ਵਾਲੀ ਵਿਚਾਰਧਾਰਾ ਦੀ ਤਰਜਮਾਨੀ ਕਰਦੀਆਂ ਹਨ। ਇਸ ਲਈ ਲੋਕਾਂ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਅਜਿਹੀਆਂ ਤਾਕਤਾਂ ਖ਼ਿਲਾਫ ਸੁਚੇਤ ਕਰੀਏ ਅਤੇ ਸਾਡੇ ਸਿਆਸੀ ਹਿੱਤਾਂ ਨੂੰ ਕਦੇ ਵੀ ਪੰਜਾਬੀਅਤ ਦੀ ਇਸ ਮਜ਼ਬੂਤ ਨੀਂਹ ਵਿੱਚ ਤਰੇੜ ਪਾਉਣ ਦੀ ਇਜਾਜ਼ਤ ਨਾ ਦੇਈਏ। ”

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨੌਵੀਂ ਪਾਤਸ਼ਾਹੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸਾਨੂੰ ਲੋਕਾਂ ਦੇ ਸੁਚੱਜੇ ਆਗੂ ਅਤੇ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਸਹੀ ਰਾਹ ਵਿਖਾਉਣ ਦੀ ਸਹੁੰ ਖਾਣੀ ਚਾਹੀਦੀ ਹੈ। ਉਨ੍ਹਾਂ ਹੋਰ ਦੱਸਿਆ,”ਇਸ ਮਾਣਮੱਤੇ ਸਦਨ ਰਾਹੀਂ ਮੈਂ ਇਹ ਯਕੀਨ ਕਰਦਾ ਹਾਂ ਕਿ ਅਸੀਂ ਆਲਮੀ ਸ਼ਾਂਤੀ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਇਸ ਇਤਿਹਾਸਿਕ ਮੌਕੇ ਮੁੜ ਦ੍ਰਿੜ ਕਰੀਏ।”

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਤਿਹਾਸ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਮਾਣ ਨਾਲ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ਕਿਉਂਜੋ ਉਨ੍ਹਾਂ ਨੇ ਜਬਰੀ ਧਰਮ ਪਰਿਵਰਤਨ ਦੇ ਵਿਰੋਧ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬੇਮਿਸਾਲ ਕੁਰਬਾਨੀ ਦਿੱਤੀ। ਗੁਰੂ ਸਾਹਿਬ ਨੇ ਨਵੰਬਰ, 1675 ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਤਹਿਤ ਕਸ਼ਮੀਰ ਦੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਹਿੱਤ ਸ਼ਹਾਦਤ ਦਿੱਤੀ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਭਾਈ ਮਤੀਦਾਸ, ਭਾਈ ਸਤੀਦਾਸ, ਅਤੇ ਭਾਈ ਦਿਆਲ ਦਾਸ ਜੀ ਨੂੰ ਵੀ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਸਨ।

ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਪੁੱਤਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਕੁਰਬਾਨੀ ਨੂੰ ”ਸੀਸੁ ਦੀਆ ਪਰ ਸਿਰਰੁ ਨ ਦੀਆ” (ਮੈਂ ਆਪਣਾ ਸੀਸ ਤਾਂ ਦਿੱਤਾ ਪਰ ਆਪਣਾ ਧਰਮ ਨਹੀਂ ਛੱਡਿਆ)।

ਗੁਰੂ ਸਾਹਿਬ ਜੀ ਦਾ ਸੀਸ ਉਨ੍ਹਾਂ ਦੇ ਸੇਵਕ ਭਾਈ ਜੀਵਨ ਸਿੰਘ ਜਿਨ੍ਹਾਂ ਨੂੰ ਭਾਈ ਜੈਤਾ ਜੀ ਵਜੋਂ ਜਾਣਿਆ ਜਾਂਦਾ ਹੈ, ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਿਆ ਕੇ ਭੇਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਆਓ ਇਸ ਮੌਕੇ ਭਾਈ ਜੈਤਾ ਜੀ ਦੀ ਅਸਾਧਾਰਨ ਬਹਾਦਰੀ ਨੂੰ ਵਿਸ਼ੇਸ਼ ਤੌਰ ‘ਤੇ ਸ਼ਰਧਾਂਜਲੀ ਦੇਈਏ। ਜਦੋਂ ਵੀ ਇਸ ਦੁਖਾਂਤਮਈ ਘਟਨਾ ਦੀ ਗੱਲ ਚੱਲੇਗੀ ਤਾਂ ਇਤਿਹਾਸ ਉਨ੍ਹਾਂ ਨੂੰ ਯਾਦ ਕਰੇਗਾ।”

ਗੁਰੂ ਸਾਹਿਬ ਜੀ ਦੀ ਕੁਰਬਾਨੀ ਦੀ ਸਾਰਥਿਕਤਾ ‘ਤੇ ਚਾਨਣ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅੱਜ ਦੇ ਸਮੇਂ ਵੀ ਓਨੀਂ ਹੀ ਸਾਰਥਕ ਅਤੇ ਅਹਿਮ ਹੈ ਜਿੰਨੀ ਕਿ ਅੱਜ ਤੋਂ ਸਾਢੇ ਤਿੰਨ ਸਦੀਆਂ ਪਹਿਲਾਂ ਸੀ। ਭਾਰਤ ਦੀ ਆਪਣੀ ਵਿਲੱਖਣ ਸੱਭਿਆਚਾਰਕ ਪਰੰਪਰਾ ਹੈ ਜਿਸ ਨੂੰ ਅਸੀਂ ਭਾਰਤੀਅਤਾ ਵਜੋਂ ਸੱਦਦੇ ਹਾਂ ਜੋ ਸਾਡੇ ਮੁਲਕ ਦਾ ਸੰਕਲਪ ਹੈ। ਸਾਡੇ ਪ੍ਰਾਚੀਨ ਭਾਰਤੀ ਦਾਰਸ਼ਨਿਕ ਗ੍ਰੰਥਾਂ ਵਿੱਚ ਵੀ ‘ਵਾਸੂਦੇਵ ਕੁਟੰਬਕਮ’ ਦੇ ਵਿਚਾਰ ਦਰਸਾਉਂਦੇ ਹਨ ਜਿਸ ਤੋਂ ਭਾਵ ਪੂਰੀ ਦੁਨੀਆ ਇਕ ਪਰਿਵਾਰ ਹੈ। ਇਸੇ ਤਰ੍ਹਾਂ ਸਿੱਖ ਧਰਮ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੋਲ ‘ਸਰਬੱਤ ਦਾ ਭਲਾ’ ਦਾ ਸੰਕਲਪ ਹੈ ਜਿਸ ਤੋਂ ਭਾਵ ਕੌਮੀ ਆਫਤਾਂ ਦੇ ਸਮੇਂ ਸੰਕਟਕਲੀਨ ਸਥਿਤੀ ਵਿੱਚ ਲੋਕਾਂ ਨੂੰ ਮਦਦ ਦੇ ਕੇ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਕਰਨਾ ਹੈ। ਇਸ ਧਰਤੀ ਦੇ ਲੋਕਾਂ ਨੂੰ ਆਪਣੀ ਮਰਜ਼ੀ ਦਾ ਧਰਮ ਸ਼ਾਂਤਮਈ ਢੰਗ ਨਾਲ ਅਪਨਾਉਣ ਦੇ ਅਧਿਕਾਰ ਦੀ ਰਾਖੀ ਲਈ ਹੀ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਅਜਿਹਾ ਕਰ ਕੇ ਗੁਰੂ ਸਾਹਿਬ ਨੇ ਜੀਵਨ ਕੁਰਬਾਨ ਕਰ ਦੇਣ ਦੇ ਇਤਿਹਾਸ ਵਿੱਚ ਵੱਖਰੀ ਮਿਸਾਲ ਕਾਇਮ ਕੀਤੀ।

ਮੁੱਖ ਮੰਤਰੀ ਨੇ ਭਾਰਤ ਦੇ ਇਕ ਬਹੁਲਵਾਦੀ ਦੇਸ਼ ਵਜੋਂ ਕਾਇਮ ਰਹਿਣ ਬਾਰੇ ਆਪਣੀ ਧਾਰਨਾ ਸਾਂਝੀ ਕੀਤੀ ਜਿੱਥੇ ਦੁਨੀਆ ਦੇ ਲਗਭਗ ਹਰੇਕ ਧਰਮ ਦੇ ਲੋਕਾਂ ਦਾ ਘਰ ਹੋਣ ਦੀ ਵਿਲੱਖਣਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਕਲਪ ਹੀ ਭਾਰਤ ਨੂੰ ਅਮੀਰ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਏਕਤਾ ਵਿੱਚ ਅਨੇਕਤਾ’ ਦੇ ਨਾਅਰੇ ਬਾਰੇ ਅਸੀਂ ਅਕਸਰ ਗੱਲ ਕਰਦੇ ਹਾਂ ਅਤੇ ਇਹ ਨਾਅਰਾ ਬੇਮਾਅਨਾ ਜਾਂ ਖੋਖਲਾ ਨਹੀਂ ਹੈ ਸਗੋਂ ਇਸ ਦੇ ਡੂੰਘੇ ਅਰਥ ਹਨ ਜਿਸ ਨੂੰ ਸਾਡੇ ਸਾਰਿਆਂ ਵੱਲੋਂ ਸਮਝਣਾ ਅਤੇ ਅਨੁਭਵ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਗੁਰੂ ਸਾਹਿਬ ਜੀ ਦੇ ਪਿਆਰ ਅਤੇ ਧਾਰਮਿਕ ਆਜਾਦੀ ਦੇ ਸਰਬਵਿਆਪੀ ਸੰਦੇਸ਼ ਨੂੰ ਗ੍ਰਹਿਣ ਕੀਤਾ ਜਾਵੇ।

ਇਸ ਮਹਾਨ ਦਿਹਾੜੇ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਉਲੀਕੇ ਸਮਾਗਮਾਂ ਦੀ ਰੂਪ-ਰੇਖਾ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਸੂਬਾ ਸਰਕਾਰ ਨੇ ਪਹਿਲਾਂ ਵਿਆਪਕ ਪ੍ਰਬੰਧ ਕੀਤੇ ਸਨ ਪ੍ਰੰਤੂ ਅਪਰੈਲ ਵਿੱਚ ਕੋਵਿਡ ਕੇਸਾਂ ਵਿੱਚ ਵਾਧੇ ਕਾਰਨ ਵੱਡੇ ਜਨਤਕ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ। ਸੂਬਾ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੇ ਬਾਬਾ ਬਕਾਲਾ ਵਿਖੇ ਸਮਾਗਮ ਕਰਵਾਉਣ ਤੋਂ ਇਲਾਵਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਪ੍ਰਦਰਸ਼ਨੀਆਂ ਲਗਾਉਣ ਅਤੇ ਦਸਤਕਾਰੀ, ਪੰਜਾਬੀ ਸਾਹਿਤ ਉਤਸਵ, ਡਰਾਮਾ (ਹਿੰਦ ਦੀ ਚਾਦਰ), ਖੇਡਾਂ, ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਅਤੇ ਸੂਫੀ ਸੰਗੀਤ ਉਤਸਵ ਕਰਵਾਉਣੇ ਪ੍ਰਸਤਾਵਿਤ ਸਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਦੋਂ ਇਕ ਵਾਰ ਕੋਵਿਡ ਦੀ ਸਥਿਤੀ ਠੀਕ ਹੋ ਗਈ ਤਾਂ ਇਨ੍ਹਾਂ ਵਿੱਚੋਂ ਬਹੁਤੇ ਸਮਾਗਮ ਕਰਵਾਏ ਜਾ ਸਕਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਤ ਵੱਡੇ ਕਸਬਿਆਂ ਵਿੱਚ ਚੱਲ ਰਹੇ ਬੁਨਿਆਦੀ ਢਾਂਚੇ ਅਤੇ ਹੋਰ ਪ੍ਰਾਜੈਕਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੌਵੇਂ ਗੁਰੂ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਬਾਬਾ ਬਕਾਲਾ ਨੂੰ ਅੱਪਗ੍ਰੇਡ ਕਰਕੇ ਗਰਾਮ ਪੰਚਾਇਤ ਤੋਂ ਮਿਉਂਸਪਲ ਕਸਬਾ ਬਣਾ ਦਿੱਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਚਰਨ ਛੋਹ ਪ੍ਰਾਪਤ 103 ਥਾਵਾਂ ਜਿਨ੍ਹਾਂ ਵਿੱਚ 79 ਪਿੰਡ ਤੇ 24 ਕਸਬੇ ਸ਼ਾਮਲ ਹਨ, ਦੀ ਸ਼ਨਾਖਤ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਵਿਕਾਸ ਗਰਾਂਟ ਦੇਣ ਲਈ ਲਈ ਪ੍ਰਤੀ ਪਿੰਡ/ਕਸਬਾ ਇਕ ਕਰੋੜ ਰੁਪਏ ਅਤੇ ਪ੍ਰਤੀ ਪਿੰਡ 50 ਲੱਖ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਗਏ ਹਨ। ਸੂਬਾ ਸਰਕਾਰ ਵੱਲੋਂ ਤਰਨ ਤਾਰਨ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਵੀ ਸਥਾਪਤ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਸਮਾਗਮਾਂ ਦੇ ਹਿੱਸੇ ਵਜੋਂ ਕਈ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚ ਭਾਰਤ ਸਰਕਾਰ ਵੱਲੋਂ ਯਾਦਗਾਰੀ ਡਾਕ ਟਿਕਟ ਅਤੇ ਸੂਬਾ ਸਰਕਾਰ ਵੱਲੋਂ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ ਕਰਨੇ ਸ਼ਾਮਲ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਬੱਸੀ ਪਠਾਣਾ ਦੀ ਪੁਰਾਣੀ ਜੇਲ੍ਹ ਜਿੱਥੇ ਗੁਰੂ ਸਾਹਿਬ ਨੂੰ ਦਿੱਲੀ ਲਿਜਾਂਦੇ ਸਮੇਂ ਕੈਦ ਰੱਖਿਆ ਸੀ, ਦੀ ਸੰਭਾਲ ਤੇ ਵਿਕਾਸ ਦਾ ਕੰਮ ਕੀਤਾ ਜਾ ਰਿਹਾ ਹੈ। 6986 ਪਿੰਡਾਂ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ 60 ਲੱਖ ਤੋਂ ਵੱਧ ਪੌਦੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ 70 ਲੱਖ ਤੋਂ ਵੱਧ ਪੌਦੇ ਲਗਾਏ ਗਏ ਸਨ। ਇਸ ਤਰ੍ਹਾਂ ਦੋਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੂਬਾ ਸਰਕਾਰ ਵੱਲੋਂ ਕੁੱਲ 1.30 ਕਰੋੜ ਪੌਦੇ ਲਗਾਏ ਗਏ ਜਿਸ ਨਾਲ ਪੰਜਾਬ ਦੇ ਵਾਤਾਵਰਣ ਨੂੰ ਲੰਬੇ ਸਮੇਂ ਦੌਰਾਨ ਬਹੁਤ ਫਾਇਦਾ ਪੁੱਜੇਗਾ। ਸੂਬਾ ਸਰਕਾਰ ਨੇ ਸੂਬੇ ਵਿੱਚ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ 938.37 ਕਰੋੜ ਰੁਪਏ ਦੇ ਗਰਾਂਟ ਲਈ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਮੰਗ ਪੱਤਰ ਸੌਂਪਿਆ ਹੈ।

ਮੁੱਖ ਮੰਤਰੀ ਨੇ ਆਪਣੇ ਭਾਸ਼ਣ ਨੂੰ ਸਮੇਟਦਿਆਂ ਕਿਹਾ ਕਿ ਉਹ ਖੁਸ਼ ਹਨ ਕਿ ਭਾਰਤ ਸਰਕਾਰ ਨੇ ਵੀ ਇਸ ਇਤਿਹਾਸਕ ਦਿਹਾੜੇ ਨੂੰ ਵੱਡੀ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮਹਾਨ ਗੁਰੂ ਵੱਲੋਂ ਦਿੱਤੇ ਸੰਦੇਸ਼ ਨੂੰ ਨਾ ਸਿਰਫ ਦੇਸ਼ ਭਰ ਸਗੋਂ ਦੁਨੀਆਂ ਦੇ ਕੋਨੇ-ਕੋਨੇ ਜਿੱਥੇ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਰਹਿੰਦੇ ਹਨ, ਤੱਕ ਲਿਜਾਇਆ ਜਾਵੇਗਾ ਕਿਉਂ ਜੋ ਗੁਰੂ ਸਾਹਿਬ ਦਾ ਸੰਦੇਸ਼ ਸਰਬ ਵਿਆਪੀ ਹੈ ਅਤੇ ਇਸ ਦਾ ਵੱਡੇ ਪੱਧਰ ‘ਤੇ ਮਨੁੱਖਤਾ ਵਿੱਚ ਪ੍ਰਸਾਰ ਕਰਨਾ ਵੀ ਬਣਦਾ ਹੈ।

ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅਧਿਆਤਮਕ, ਧਾਰਮਿਕ ਅਤੇ ਭਾਰਤ ਦੇ ਸਿਆਸੀ ਇਤਿਹਾਸ ਦਾ ਅਹਿਮ ਮੋੜ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਮਹਾਨ ਅਧਿਆਤਮਕ ਗੁਰੂਆਂ ਵਿੱਚੋਂ ਗੁਰੂ ਸਾਹਿਬ ਵਿੱਚੋਂ ਬਹੁਤ ਮਹਾਨ ਹਨ ਜਿਨ੍ਹਾਂ ਦਾ ਸੰਦੇਸ਼ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ ਅਤੇ ਹਰੇਕ ਸਮੇਂ ਵਿਚ ਸਰਬਵਿਆਪੀ ਸਾਰਥਿਕ ਹੈ।

ਸ੍ਰੀ ਪੁਰੋਹਿਤ ਨੇ ਕਿਹਾ, “ਪੰਜਾਬ ਦਾ ਇਤਿਹਾਸ ਮਹਾਨ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਵੱਲੋਂ ਕੀਤੀਆਂ ਨਿਰਸੁਆਰਥ ਕੁਰਬਾਨੀਆਂ ਨਾਲ ਭਰਪੂਰ ਹੈ ਜੋ ਸਾਡੇ ਸਾਰਿਆਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਹੈ। ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਉਸ ਯੁੱਗ ਵਿਚ ਪ੍ਰੇਰਿਤ ਕੀਤਾ ਜੋ ਸ਼ਾਇਦ ਸਾਡੇ ਇਤਿਹਾਸ ਦਾ ਸਭ ਤੋਂ ਚੁਣੌਤੀਪੂਰਨ ਪੜਾਅ ਹੈ। ਵੱਖ-ਵੱਖ ਭਾਈਚਾਰਿਆਂ ਦਰਿਮਆਨ ਏਕਤਾ ਨੂੰ ਮਜ਼ਬੂਤ ਕਰਨ ਲਈ ਸਿੱਖ ਗੁਰੂਆਂ ਦੇ ਮਹਾਨ ਯੋਗਦਾਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸੇ ਕਰਕੇ ਸਿੱਖ ਗੁਰੂ ਸਾਹਿਬਾਨ ਨਾ ਸਿਰਫ ਸਿੱਖਾਂ ਵਿਚ ਸਤਿਕਾਰਤ ਹਨ ਸਗੋਂ ਦੁਨੀਆ ਭਰ ਤੋਂ ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ ਹਨ।”

ਰਾਜਪਾਲ ਨੇ ਅੱਗੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵਿੱਚੋਂ ਸੇਵਾ ਜਾਂ ਨਿਸ਼ਕਾਮ ਸੇਵਾ ਵੀ ਮੂਲ ਆਧਾਰ ਹੈ। ਇਸ ਨੂੰ ਸਭ ਤੋਂ ਪਵਿੱਤਰ ਫਰਜ਼ ਮੰਨਿਆ ਜਾਂਦਾ ਹੈ ਜੋ ਮਨੁੱਖਤਾ ਨੂੰ ਨਿਰਸੁਆਰਥ, ਹਲੀਮੀ ਅਤੇ ਪ੍ਰਮਾਤਮਾ ਪ੍ਰਤੀ ਸ਼ੁਕਰਗੁਜ਼ਾਰੀ ਨਾਲ ਆਨੰਦ ਪ੍ਰਦਾਨ ਕਰ ਸਕਦੀ ਹੈ।

ਆਪਣੇ ਭਾਸ਼ਣ ਵਿਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਲਾਮਿਸਾਲ ਕੁਰਬਾਨੀ ਮਾਨਵਤਾ ਨੂੰ ਧਰਮ ਜਾਤ, ਰੰਗ-ਭੇਦ, ਫਿਰਕੇ ਅਤੇ ਨਸਲਾਂ ਤੋਂ ਉਪਰ ਉਠ ਕੇ ਪਿਆਰ, ਸਦਭਾਵਨਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਪ੍ਰਤੀ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਸਪੀਕਰ ਨੇ ਅੱਗੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਲਾਮਿਸਾਲ ਕੁਰਬਾਨੀ ਕਸ਼ਮੀਰੀ ਪੰਡਿਤਾਂ ਜਾਂ ਹਿੰਦੂ ਧਰਮ ਦੀ ਰਾਖੀ ਲਈ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਧਾਰਮਿਕ ਆਜ਼ਾਦੀ ਅਤੇ ਬਰਾਬਰੀ ਲਈ ਸੀ।

ਸਪੀਕਰ ਨੇ ਕਿਹਾ, “ਜਿਹੜਾ ਸੂਬਾ, ਦੇਸ਼, ਕੌਮ ਅਤੇ ਲੋਕ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਤੁਰਦੇ ਹਨ, ਜਿਹੜੇ ਸ਼ਹਾਦਤਾਂ ਤੋਂ ਚਾਨਣ ਦੀਆਂ ਮਿਸਾਲਾਂ ਲੈ ਕੇ ਅਗਾਂਹ ਵਧਦੇ ਹਨ, ਉਹ ਹਨੇਰਗਰਦੀ ਵਿਚ ਵੀ ਰੌਸ਼ਨੀ ਲੱਭ ਲੈਂਦੇ ਹਨ। ਨੌਵੀਂ ਪਾਤਸ਼ਾਹੀ ਦੇ ਉਸ ਰੌਸ਼ਨੀ ਕੋਟਿਨ-ਕੋਟਿ ਨਮਨ ਕਰਦਾ ਹਾਂ ਅਤੇ ਸਮੁੱਚੀ ਲੋਕਾਈ ਨੂੰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਹਾਰਦਿਕ ਵਧਾਈ ਦਿੰਦਾ ਹਾਂ।”

ਆਪਣੇ ਕੁੰਜੀਵਤ ਭਾਸ਼ਣ ਵਿਚ ਭਾਰਤ ਦੇ ਸਾਬਕਾ ਚੀਫ ਜਸਟਿਸ ਜੇ.ਐਸ. ਖੇਹਰ ਨੇ ਦੁਨੀਆ ਭਰ ਵਿਚ ਸਿੱਖ ਜੀਵਨ-ਜਾਚ ‘ਚ ‘ਅਰਦਾਸ’ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਅੱਜ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਨੂੰ ਯਾਦ ਕਰਨ ਦੇ ਨਾਲ-ਨਾਲ ਵਿਚਾਰਾਂ ਕਰਨ ਲਈ ਮਨਾ ਰਹੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਤੋਂ ਸੇਧ ਲੈ ਕੇ ਅਸੀਂ ਸਾਰੇ ਨੌਂ ਅਧਿਆਤਮਿਕ ਅਤੇ ਦੁਨੀਆਵੀ ਸਰੋਤਾਂ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਜੋ ਲੋਕ ਗੁਰੂ ਤੇਗ਼ ਬਹਾਦਰ ਜੀ ਦੇ ਬਾਰੇ ਮੰਥਨ ਕਰਦੇ ਹਨ ਉਨ੍ਹਾਂ ਨੂੰ ਹਰੇਕ ਸਥਿਤੀ ਵਿੱਚ ਗੁਰੂ ਸਾਹਿਬ ਦੀ ਮਿਹਰ ਪ੍ਰਾਪਤ ਹੁੰਦੀ ਹੈ।

ਜਸਟਿਸ ਖੇਹਰ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਸਿੱਖਾਂ ਵਿੱਚ ਸੈਨਿਕ ਰੂਪ ਧਾਰਨ ਕਰਨ ਦਾ ਮੁੱਢ ਬੱਝ ਗਿਆ ਜੋ ਉਸ ਵੇਲੇ ਤੱਕ ਇਕ ਸ਼ਾਂਤਮਈ ਭਾਈਚਾਰਾ ਸੀ। ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਨੇ ਕਿਹਾ, ”ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਾਣਨ ਲਈ ਇਸ ਦੇ ਪਿਛੋਕੜ ਨੂੰ ਵੀ ਜ਼ਰੂਰ ਸਮਝਣਾ ਪਵੇਗਾ।” ਗੁਰੂ ਸਾਹਿਬ ਜੀ ਦੇ ਜੀਵਨ ਅਤੇ ਘਟਨਾਵਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਵੇਲੇ ਗੁਰੂ ਸਾਹਿਬ ਨੇ ਉਸ ਵੇਲੇ ਦੇ ਮੁਗਲ ਸ਼ਾਸਕ ਦੇ ਅਨਿਆਂ ਅੱਗੇ ਝੁਕੇ ਨਹੀਂ ਸਗੋਂ ਇਸ ਦੀ ਬਜਾਏ ਸ਼ਹਾਦਤ ਦਾ ਰਾਹ ਚੁਣਿਆ ਤਾਂ ਕਿ ਸਾਰਿਆਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਜਸਟਿਸ ਖੇਹਰ ਨੇ ਕਿਹਾ ਕਿ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਵੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੂੰ ਦੂਜੇ ਧਰਮ ਦੀ ਧਾਰਮਿਕ ਆਜ਼ਾਦੀ ਖਾਤਰ ਦਿੱਤੀ ਸ਼ਹਾਦਤ ਨੂੰ ਦਰਜ ਕੀਤਾ ਗਿਆ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਦਿਖਾਏ ਮਾਰਗ ਉਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਦੇ ਮੁਸ਼ਕਲ ਸਮੇਂ ਵਿੱਚ ਹੋਰ ਵੀ ਸਾਰਥਕ ਹਨ ਜਦੋਂ ਅੱਜ ਦੁਨੀਆਂ ਭਰ ਵਿੱਚ ਧਾਰਮਿਕ ਕੱਟੜਤਾ ਅਤੇ ਟਕਰਾਅ ਵਧਿਆ ਹੋਇਆ ਹੈ।

ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਨੇ ਸਤਿਕਾਰਯੋਗ ਦਲਾਈ ਲਾਮਾ ਤੇ ਭਾਰਤ ਦੇ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਵੱਲੋਂ ਭੇਜਿਆ ਸੰਦੇਸ਼ ਵੀ ਪੜ੍ਹਿਆ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles