ਪਠਾਨਕੋਟ, 6 ਅਗਸਤ ( ਨਿਊਜ਼ ਹੰਟ )- ਸੀਮਾ ਸੁਰੱਖਿਆ ਬਲ ਆਰਟਿਲਰੀ ਦੇ 50 ਸਾਲਾਂ (1971-2021) ਪੂਰੇ ਹੋਣ ‘ਤੇ ਸੀਮਾ ਸੁਰੱਖਿਆ ਬਲ ਵੱਲੋਂ ਕੱਢੀ ਗਈ ਸਾਇਕਲ ਰੈਲੀ ਦਾ ਜੰਮੂ ਕਸ਼ਮੀਰ ਤੋਂ ਪੰਜਾਬ ਰਾਜ ਵਿੱਚ ਦਾਖਲ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਅਤੇ ਸੀਮਾ ਸੁਰੱਖਿਆ ਬਲ ਦੀ 58ਵੀ ਬਟਾਲੀਅਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਵਾਗਤੀ ਸਮਾਰੋਹ ਦੀ ਪ੍ਰਧਾਨਗੀ 58ਵੀਂ ਬਟਾਲਿਅਨ ਦੇ ਡਿਪਟੀ ਕਮਾਂਡੈਂਟ ਸ਼੍ਰੀ ਪਾਰੀਤੋਸ਼ ਬਿਸ਼ਵਾਸ ਨੇ ਕੀਤੀ ਜਦਕਿ ਸ਼੍ਰੀ ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸ਼ਕਾਇਤਾਂ ਨੇ ਇਸ ਰੈਲੀ ਦਾ ਪੰਜਾਬ ਰਾਜ ਦੇ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚਣ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਲਸ਼ਮਣ ਸਿੰਘ ਤਹਿਸੀਲਦਾਰ, ਰਾਜ ਕੁਮਾਰ ਨਾਇਬ ਤਹਿਸੀਲਦਾਰ, ਸੰਦੀਪ ਕੁਮਾਰ 2ਆਈ.ਸੀ ਆਰਟਿਲਰੀ, ਡਾ. ਅਕਾਕਸ਼ਾ ਅਤੇ ਬੀ.ਐਸ.ਐਫ. ਦੇ ਜਵਾਨ ਹਾਜ਼ਰ ਸਨ।
ਸ਼੍ਰੀ ਪਾਰੀਤੋਸ਼ ਬਿਸ਼ਵਾਸ ਨੇ ਦੱਸਿਆ ਕਿ ਇਹ ਰੈਲੀ ਵਾੜੀਪੁਰ ਕਸ਼ਮੀਰ ਤੋਂ 26 ਜੁਲਾਈ ਨੂੰ ਚਲੀ ਸੀ ਜੋ ਕਿ 15 ਅਗਸਤ ਨੂੰ ਜੇ.ਸੀ.ਪੀ. ਅਟਾਰੀ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਰੈਲੀ 20 ਦਿਨਾਂ ਵਿੱਚ ਪੰਜਾਬ, ਰਾਜਸਥਾਨ, ਗੁਜਰਾਤ ਹੁੰਦੇ ਹੋਏ ਲਗਭਗ 2500 ਕਿਲੋਮੀਟਰ ਦਾ ਸਫਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਾਇਕਲ ਰੈਲੀ ਨਾਲ ਨੌਜਵਾਨਾਂ ਅੰਦਰ ਦੇਸ਼ ਸੇਵਾ ਦੀ ਭਾਵਨਾ ਹੋਰ ਵਧੇਗੀ ਅਤੇ ਨੌਜਵਾਨ ਬੀ.ਐਸ.ਐਫ. ਨਾਲ ਜੁੜਣਨਗੇ। ਉਨ੍ਹਾਂ ਕਿਹਾ ਕਿ ਇਸ ਸਾਇਕਲ ਰੈਲੀ ਨਾਲ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਸੀਮਾ ਸੁਰੱਖਿਆ ਬਲ ਆਰਟਿਲਰੀ ਵੱਲੋਂ 50 ਸਾਲ (1971-2021) ਪੂਰੇ ਹੋਣ ਦੇ ਮੌਕੇ ‘ਤੇ ਸਾਲ 2020-21 ਵਿੱਚ ਮੈਡੀਕਲ ਕੈਂਪ, ਬਲੱਡ ਡੋਨੇਸ਼ਨ ਕੈਂਪ, ਸਪੋਰਟਸ ਇਵੈਂਟ, ਸੱਭਿਆਚਾਰਕ ਪ੍ਰੋਗਰਾਮ ਵਰਗੇ ਸਮਾਰੋਹ ਆਯੋਜਿਤ ਕੀਤੇ ਗਏ ਹਨ। ਜਿਸ ਦਾ ਮੁੱਖ ਉਦੇਸ਼ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਜਿਵੇ ਫਿਟ ਇੰਡੀਆ, ਸਵੱਛ ਭਾਰਤ ਅਭਿਆਨ, ਇੱਕ ਭਾਰਤ ਸ੍ਰੇਛਠ ਭਾਰਤ, ਬੇਟੀ ਪੜਾਓ ਬੇਟੀ ਬਚਾਓ ਆਦਿ ਦੇ ਬਾਰੇ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਜਿਸ ਨਾਲ ਸਾਡੇ ਦੇਸ਼ ਦੇ ਵਿਕਾਸ ਨੂੰ ਨਵੀਂ ਉਰਜਾ ਅਤੇ ਗਤੀ ਮਿਲ ਸਕੇ।
ਇਸ ਮੌਕੇ ‘ਤੇ ਸ਼੍ਰੀ ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਨੇ ਸਾਇਕਲ ਰੈਲੀ ਦਾ ਸਵਾਗਤ ਕਰਦਿਆਂ ਬੀ.ਐਸ.ਐਫ. ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਸਿਵਲ ਅਤੇ ਬੀ.ਐਸ.ਐਫ. ਦੇ ਆਪਸੀ ਰਿਸਤੇ ਹੋਰ ਵੀ ਮਜਬੂਤ ਹੋਣਗੇ ਅਤੇ ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਹੋਰ ਵਧੀਆਂ ਢੰਗ ਨਾਲ ਹੱਲ ਕੀਤਾ ਜਾ ਸਕੇਗਾ। ਉਨ੍ਹਾਂ ਬੀ.ਐਸ.ਐਫ. ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਾਇਕਲ ਰੈਲੀ ਦੌਰਾਨ ਬੇਟੀ ਪੜਾਓ ਬੇਟੀ ਬਚਾਓ ਜਾਗਰੂਕਤਾ ਪ੍ਰੋਗਰਾਮ ਵਿੱਚ ਜੇਕਰ ਕਿਸੇ ਵੀ ਬੱਚੀ ਨੂੰ ਕੋਈ ਸੱਕਿਲ ਟ੍ਰੇਨਿੰਗ ਜਾਂ ਐਜੂਕੇਸ਼ਨ ਦੀ ਜ਼ਰੂਰਤ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰ ਦੱਸਣ ਤਾਂ ਜੋ ਉਨ੍ਹਾਂ ਬੱਚੀਆਂ ਨੂੰ ਸੱਕਿਲ ਟ੍ਰੇਨਿੰਗ ਅਤੇ ਐਜੂਕੇਸ਼ਨ ਮੁਹੱਈਆ ਕਰਵਾਈ ਜਾ ਸਕੇ।