ਹੁਸ਼ਿਆਰਪੁਰ, 28 ਅਗਸਤ (ਨਿਊਜ਼ ਹੰਟ)- ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਤੇਜ਼ੀ ਨਾਲ ਸੜਕਾਂ ਦਾ ਜਾਲ ਵਿਛਾ ਰਹੀ ਹੈ ਅਤੇ Çਲੰਕ ਰੋਡ ਦੇ ਨਿਰਮਾਣ ਕਾਰਜ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਰਾਜ ਸਰਕਾਰ ਆਪਸੀ ਤਾਲਮੇਲ ਰਾਹੀਂ ਸੂਬੇ ਵਿਚ ਸੜਕ ਨੈਟਵਰਕ ਨੂੰ ਮਜ਼ਬੂਤ ਕਰ ਰਹੀ ਹੈ। ਉਹ ਅੱਜ 752.79 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚੱਕ ਸਾਧੂ ਤੋਂ ਪਿੰਡ ਚੱਗਰਾਂ ਤੱਕ 10.470 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਚੱਕ ਸਾਧੂ ਤੋਂ ਚੱਗਰਾਂ ਨੂੰ ਜਾ ਰਹੀ ਰੋਡ ਕਾਫ਼ੀ ਅਹਿਮ ਸੜਕ ਹੈ, ਜੋ ਕਿ ਊਨਾ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਚੰਡੀਗੜ੍ਹ ਰੋਡ ਨਾਲ ਮਿਲਾਏਗਾ, ਜਿਸ ਨਾਲ ਚੰਡੀਗੜ੍ਹ ਜਾਣ ਵਾਲਿਆਂ ਨੂੰ ਹੁਸ਼ਿਆਰਪੁਰ ਬਾਈਪਾਸ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਰੋਡ ਬਣਨ ਨਾਲ ਊਨਾ ਤੋਂ ਆਉਣ ਵਾਲੇ ਲੋਕਾਂ ਤੋਂ ਇਲਾਵਾ ਇਲਾਕੇ ਦੇ 40 ਪਿੰਡਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਚੱਕ ਸਾਧੂ ਤੋਂ ਸ਼ੁਰੂ ਹੋ ਕੇ ਇਹ ਸੜਕ ਪਿੰਡ ਮੰਨਣ, ਬਸੀ ਹਸਤ ਖਾਂ ਹੁੰਦੀ ਹੋਈ ਮਲਮਜ਼ਾਰਾਂ ਤੋਂ ਬਹਾਦਰਪੁਰ ਬਾਹੀਆਂ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ’ਤੇ ਚੱਗਰਾਂ ਵਿਚ ਨਿਕਲੇਗੀ, ਜਿਸ ਨਾਲ ਗਵਾਂਢੀ ਰਾਜ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀ ਆਵਾਜਾਈ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ।
ਸ਼੍ਰੀ ਬ੍ਰਮ ਸ਼ੰਕਰ ਜਿੰਪ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੜਕ ਦੇ ਨਿਰਮਾਣ ਕਾਰਜ ਵਿਚ ਕੁਆਲਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਰਾਜੀਵ ਸੈਣੀ, ਸਾਬਕਾ ਨਗਰ ਕੌਂਸਲ ਪ੍ਰਧਾਨ ਅਜੇ ਮੋਹਨ ਬੱਬੀ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਰਜਿੰਦਰ, ਸਰਪੰਚ ਹਰਜਿੰਦਰ ਕੌਰ, ਅਸ਼ੋਕ ਕੁਮਾਰ, ਅਮਰਜੀਤ ਸਿੰਘ, ਜੋਗਿੰਦਰ ਪਾਲ, ਰਜਿੰਦਰ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।