ਪਠਾਨਕੋਟ 9 ਅਗਸਤ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆ ਵੱਖ ਵੱਖ ਖੰਡ ਮਿੱਲਾਂ ਅਧੀਨ ਬਿਜਾਈ ਕੀਤੇ ਗੰਨੇ ਦੀਆਂ ਕਿਸਮਾਂ ਵਿੱਚ ਵਿਭਿੰਨਤਾ ਲਿਆਉਣ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ ਜਿਸ ਤਹਿਤ ਅਗਲੇ 3 ਸਾਲ ਦੌਰਾਨ ਗੰਨੇ ਦੀ ਕਿਸਮ ਸੀ ਓ 0238 ਹੇਠੋਂ 35-45 ਫੀਸਦੀ ਰਕਬਾ ਅਗੇਤੀਆਂ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਹੇਠ ਲਿਆਂਦਾ ਜਾਵੇਗਾ। ਇਹ ਜਾਣਕਾਰੀ ਕੇਨ ਕਮਿਸ਼ਨਰ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਦਾ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡ ਭੋਆ ਵਿੱਚ ਅਗਾਂਹਵਧੂ ਗੰਨਾ ਬੀਜ ਉਤਪਾਦਕ ਸ੍ਰੀ ਨਵੀਨ ਸ਼ਰਮਾ ਦੇ ਫਾਰਮ ਤੇ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਦੇ ਨਾਲ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ,ਡਾ. ਅਰਵਿੰਦਰ ਪਾਲ ਸਿੰਘ ਕੈਰੋਂ ਮੁੱਖ ਗੰਨਾ ਵਿਕਾਸ ਅਫਸਰ, ਸ਼੍ਰੀ ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਸ਼੍ਰੀ ਵਿਸ਼ਾਲ ਕੁਮਾਰ ਗੰਨਾ ਇੰਸਪੈਕਟਰ, ਰਵਿੰਦਰ ਸਿੰਘ ਸਰਵੇਅਰ, ਗੌਰਵ ਕੁਮਾਰ, ਜਸਬੀਰ ਸਿੰਘ ਅਤੇ ਅਮਰੀਕ ਸਿੰਘ ਸਮੇਤ ਵੱਡ ਗਿਣਤੀ ਵਿੱਚ ਗੰਨਾ ਕਾਸ਼ਤਕਾਰ ਹਾਜ਼ਰ ਸਨ।ਕੇਨ ਕਮਿਸ਼ਨਰ ਵੱਲੋਂ ਟਿਸ਼ੂ ਕਲਚਰ,ਸਿੰਗਲ ਬੱਡ ਤਕਨੀਕ ਨਾਲ ਤਿਆਰ ਬੂਟਿਆਂ,ਖੋਜ ਕੇਂਦਰ ਦੁਆਰਾ ਮੁਹੱਈਆ ਕਰਵਾਏ ਬੀਜ ਅਤੇ ਕਿਸਾਨਾਂ ਦੁਆਰਾ ਆਪਣੇ ਤੌਰ ਤੇ ਤਿਆਰ ਕੀਤੇ ਜਾ ਰਹੇ ਬੀਜ ਨਰਸਰੀਆਂ ਦਾ ਵੱਖ ਵੱਖ ਪਿੰਡਾਂ ਅਤੇ ਮਿੱਲ ਫਾਰਮ ਦਾ ਨਿਰੀਖਣ ਵੀ ਕੀਤਾ ਗਿਆ।
ਗੱਲਬਾਤ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਤੇ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ 45 ਕਰੋੜ ਦੀ ਰਾਸੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਕਾਇਆ ਰਾਸ਼ੀ ਵੀ ਅਗਲੇ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਭਵਿੱਖ ਵਿੱਚ ਗੰਨੇ ਦੀ ਅਦਾਇਗੀ ਲਈ ਪੰਜਾਬ ਸਰਕਾਰ ਵੱਲੋਂ ਸਾਲ 2021-22 ਦੇ ਬਜਟ ਵਿੱਚ 300 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਬਟਾਲਾ ਅਤੇ ਭੋਗਪੁਰ ਸਹਿਕਾਰੀ ਖੰਡ ਮਿੱਲਾਂ ਵਿੱਚ ਨਿੱਜੀ ਭਾਈਵਾਲੀ ਤਹਿਤ ਬਾਇਉ ਸ਼ੀ ਐਨ ਜੀ ਪ੍ਰੋਜੈਕਟ, ਗੁਰਦਾਸਪੁਰ ਸਹਿਕਾਰੀ ਮਿੱਲ ਵਿੱਚ ਈਥਾਨੋਲ ਪ੍ਰੋਜੈਕਟ ਤੋਂ ਇਲਾਵਾ ਖੰਡ ਮਿੱਲਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਇਨਾਂ ਪ੍ਰੋਜੈਕਟਾਂ ਦੇ ਲੱਗਣ ਨਾਲ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨ ਵਿੱਚ ਮਦਦ ਮਿਲੇਗੀ। ਉਨਾਂ ਕਿਹਾ ਕਿ ਪੰਜਾਬ ਵਿੱਚ ਗੰਨੇ ਦੀ ਫਸਲ ਹੇਠ ਤਕਰੀਬਨ 99 ਲੱਖ ਰਕਬੇ ਦੇ 70 ਫੀਸਦੀ ਰਕਬੇ ਵਿੱਚ ਸੀ ਓ 0238 ਕਿਸਮ ਦੀ ਕਾਸਤ ਕੀਤੀ ਜਾ ਰਹੀ ਹੈ । ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਕਿਸਮ ਦੀ ਕਾਸ਼ਤ ਹੋਣ ਨਾਲ ਹੁਣ ਇਸ ਕਿਸਮ ਉੱਪਰ ਕਈ ਬਿਮਾਰੀਆਂ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ,ਜਿਸ ਕਾਰਨ ਗੰਨੇ ਦੀ ਕਾਸਤ ਚਿਰਸਥਾਈ ਕਰਨ ਲਈ ਹੋਰ ਅਗੇਤੀਆ ਪੱਕਣ ਵਾਲੀਆਂ ਕਿਸਮਾਂ ਸੀ ਓ ਪੀ ਬੀ 95,96,92 ਅਤੇ ਸੀ ਉ 15023 ਹੇਠ ਰਕਬਾ ਲਿਆਉਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਸੀ ਓ 0238 ਹੇਠੋਂ 35-45 ਫੀਸਦੀ ਰਕਬਾ ਕੱਢ ਕੇ ਨਵੀਆਂ ਕਿਸਮਾਂ ਹੇਠ ਲਿਆਉਣ ਦੀ ਯੋਜਨਾਬੰਦੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਚੋਣਵੇਂ ਗੰਨਾ ਕਾਸਤਕਾਰਾਂ ਦੇ ਖੇਤਾਂ ਵਿੱਚ ਨਵੀਆਂ ਕਿਸਮਾਂ ਦਾ ਬੀਜ ਤਿਆਰ ਕਰਕੇ ਖੰਡ ਮਿੱਲਾਂ ਰਾਹੀਂ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਗੰਨੇ ਦੀ ਸਫਲ ਕਾਸਤ ਵਿੱਚ ਬੀਜ ਦੀ ਬਹੁਤ ਮਹੱਤਤਾ ਹੈ ਜਿਸ ਨੂੰ ਗੰਨਾ ਕਾਸਤਕਾਰ ਅਣਗੌਲਿਆਂ ਕਰ ਦਿੰਦੇ ਹਨ।ਉਨਾਂ ਕਿਹਾ ਕਿ ਬੀਜ ਵਾਲੀ ਗੰਨੇ ਦੀ ਫਸਲ ਝੋਨੇ ਕਣਕ ਵਾਲੇ ਖੇਤ ਵਿੱਚ ਕਰਨੀ ਚਾਹੀਦੀ ਹੈ ਤਾਂ ਜੋ ਜਨੈਟੀਕਲੀ ਤੌਰ ਤੇ ਸ਼ੁੱਧ ਬੀਜ ਪੈੇਦਾ ਕੀਤਾ ਜਾ ਸਕੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨਾ ਕਾਸਤਕਾਰਾਂ ਦੀ ਪ੍ਰਤੀ ਹੈਟੇਅਰ ਪੈਦਾਵਾਰ ਵਿੱਚ ਵਾਧਾ ਕਰਕੇ ਆਮਦਨ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਅੱਸੂ-ਕੱਤਕ ਦੀ ਬਿਜਾਈ ਸਮੇਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ 20 ਲੱਖ ਪੌਦੇ ਪਨੀਰੀ ਤਿਆਰ ਕਰਕੇ ਬੀਜ ਤਿਆਰ ਕਰਨ ਲਈ ਦਿੱਤੇ ਜਾਣਗੇ। ਇਸ ਮੌਕੇ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਅੱਸੂ ਦੀ ਬਿਜਾਈ ਤਾਂ ਹੀ ਆਰਥਿਕ ਪੱਖੋਂ ਫਾਇਦੇਮੰਦ ਹੈ ਜੇਕਰ ਗੰਨੇ ਦੀ ਫਸਲ ਵਿੱਚ ਅੰਤਰ ਫਸਲਾਂ ਦੇ ਤੌਰ ਤੇ ਹੋਰਨਾਂ ਹਾੜੀ ਦੀਆਂ ਫਸਲਾਂ ਦੀ ਕਾਸਤ ਕੀਤੀ ਜਾਵੇ।ਡਾ.ਅਮਰੀਕ ਸਿੰਘ ਨੇ ਕਿਹਾ ਕਿ ਕਮਾਦ ਦੀ ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਅਗਸਤ ਮਹੀਨੇ ਦੀ ਅਖੀਰ ਤੱਕ ਮੂੰਇਆਂ ਦੀ ਬੰਨਾਈ ਕਰਵਾ ਦੇਣੀ ਚਾਹੀਦੀ ਹੈ।
ਡਾ.ਅਰਵਿੰਦਰ ਪਾਲ ਸਿੰਘ ਕੈਰੋਂ ਨੇ ਕਿਹਾ ਕਿ ਫਿਲਹਾਲ ਗੰਨੇ ਦੀ ਫਸਲ ਉੱਪਰ ਕਿਸੇ ਮੁੱਖ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੋਇਆ ਫਿਰ ਵੀ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਮੇਂ ਸਿਰ ਸਰਬਪਖੀ ਕੀਟ ਪ੍ਰਬੰਧ ਪ੍ਰਣਾਲੀ ਅਪਣਾ ਕੇ ਰੋਕਥਾਮ ਕੀਤੀ ਜਾ ਸਕੇ।ਗੰਨਾ ਕਾਸਤਕਾਰ ਸ੍ਰੀ ਜਸਬੀਰ ਸਿੰਘ,ਨਵੀਨ ਕੁਮਾਰ,ਗੌਰਵ ਕੁਮਾਰ ਅਤੇ ਅਮਰੀਕ ਸਿੰਘ ਨੇ ਮੰਗ ਕੀਤੀ ਕਿ ਗੰਨੇ ਦਾ ਮੁੱਲ ਹਰਿਆਣੇ ਦੇ ਬਰਾਬਰ ਕੀਤਾ ਜਾਵੇ,ਜੰਗਲੀ ਜਾਨਵਰਾਂ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਜੰਗਲੀ ਜਾਨਵਰ ਭਜਾਉਣ ਵਾਲੇ ਜੰਤਰ ,ਗੰਨੇ ਦੀ ਕਾਸਤ ਵਿੱਚ ਵਰਤੀ ਜਾਣ ਵਾਲੀ ਖੇਤੀ ਸਮੱਗਰੀ ਸਹਿਕਾਰੀ ਖੰਡ ਮਿੱਲ ਵੱਲੋਂ ਲੋਨ ਬੇਸਿਸ ਤੇ ਅਤੇ ਗੰਨੇ ਦੀ ਕਾਸਤ ਲਈ ਵਰਤੀ ਜਾਂਦੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਜਾਵੇ।