ਪਠਾਨਕੋਟ: 13 ਸਤੰਬਰ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਸਰਕਲ ਭੋਆ ਦੇ ਪਿੰਡ ਐਮਾਂ ਮੁਗਲਾਂ ਦਾ ਦੌਰਾ ਕਰਕੇ ਭੂਰੇ ਧੱਬਿਆਂ ਨਾਲ ਪ੍ਰਭਾਵਤ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ਵੀ ਕੀਤਾ। ਇਸ ਟੀਮ ਵਿੱਚ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਸ਼੍ਰੀ ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ ਸ਼ਾਮਿਲ ਸਨ।
ਪਿੰਡ ਐਮਾਂ ਮੁਗਲਾਂ ਦੇ ਨੌਜਵਾਨ ਕਿਸਾਨ ਅਨੂਪ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਜੋ ਫਸਲ ਨਿੱਸਰ ਗਈ ਹੈ,ਉਸ ਉਪੱਰ ਝੂਠੀ ਕਾਂਗਿਆਰੀ ਅਤੇ ਭੂਰੇ ਧੱਬਿਆਂ ਨਾਮਕ ਬਿਮਾਰੀ ਨੇ ਕੁਝ ਜਗਾ ਤੇ ਹਮਲਾ ਕੀਤਾ ਹੈ।ਉਨਾਂ ਕਿਹਾ ਕਿ ਜੇਕਰ ਫਸਲ ਦੇ ਨਿਸਰਣ ਸਮੇਂ ਮੀਂਹ,ਬੱਦਲਵਾਈ ਅਤੇ ਵਧੇਰੇ ਸਿੱਲ ਰਹੇ ਤਾਂ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਜ਼ਿਆਦਾ ਲੱਗਦੀ ਹੈ। ਉਨਾਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ,ਉਨਾਂ ਖੇਤਾਂ ਵਿੱਚ ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।
ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਜਿਸ ਦਾ ਹੁਣ ਕੋਈ ਫਾਇਦਾ ਨਹੀਂ।ਉਨਾਂ ਕਿਹਾ ਕਿ ਝੋਨਾ ਅਤੇ ਬਾਸਮਤੀ ਦੀ ਫਸਲ ਦੇ ਨਿਸਰਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਛਿੜਕਾਅ ਨਹੀਂ ਕਰਨਾ ਚਾਹੀਦਾ ਤਾਂ ਜੋ ਦਾਣੇ ਬਨਣ ਦੀ ਪ੍ਰਕਿਰਿਆ ਪ੍ਰਭਾਵਤ ਨਾਂ ਹੋ ਸਕੇ।ਉਨਾਂ ਕਿਹਾ ਕਿ ਨਿਸਰਣ ਉਪਰੰਤ ਫੁਲਾਂ ਤੇ ਫਸਲ ਹੋਣ ਜੇਕਰ ਛਿੜਕਾਅ ਕੀਤਾ ਜਾਵੇ ਤਾਂ ਦਾਣੇ ਪ੍ਰਭਾਵਤ ਹੋ ਕੇ ਕਾਲੇ ਹੋ ਸਕਦੇ ਹਨ।ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਦੀ ਫਸਲ ਉੱਪਰ ਭੂਰੇ ਧੱਬਿਆਂ ਦਾ ਹਮਲਾ ਵੀ ਹੋਇਆ ਹੈ ,ਜਿਸ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 80 ਗ੍ਰਾਮ ਨੈਟੀਵੋ ਜਾਂ 200 ਮਿਲੀ ਲਿਟਰ ਐਮੀਸਟਾਰ ਟਾਪ ਨੂੰ200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਤੋਂ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਛਿੜਕਾਅ ਨਾਂ ਕਰਨ।ਸ਼੍ਰੀ ਅੰਸ਼ੁਮਾਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ 9 ਕੀਟਨਾਸ਼ਕਾਂ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ ਇਨ੍ਹਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਛਿੜਕਾਅ ਨਾਂ ਕੀਤਾ ਜਾਵੇ।ਉਨਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਬਾਰੇ ਵੀ ਪ੍ਰੇਰਿਤ ਕੀਤਾ