16.5 C
Jalandhar
Monday, January 26, 2026

ਅਮਨ-ਕਾਨੂੰਨ ਦੀ ਵਿਵਸਥਾ ਵਿਚ ਆਮ ਲੋਕਾਂ ਦਾ ਭਰੋਸਾ ਪੈਦਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ-ਮੁੱਖ ਮੰਤਰੀ ਵੱਲੋਂ ਪੰਜਾਬ ਪੁਲੀਸ ਨੂੰ ਆਦੇਸ਼

ਪੰਜਾਬ 22 ਅਕਤੂਬਰ (ਨਿਊਜ਼ ਹੰਟ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੁਲਿਸ ਫੋਰਸ ਨੂੰ ਸੂਬਾ ਭਰ ਵਿਚ ਪੁਲੀਸ ਦੇ ਕੰਮਕਾਜ ਵਿਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਅਮਨ-ਕਾਨੂੰਨ ਦੀ ਵਿਵਸਥਾ ਵਿਚ ਆਮ ਲੋਕਾਂ ਦਾ ਭਰੋਸਾ ਪੈਦਾ ਕੀਤਾ ਜਾ ਸਕੇ।
ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਚੰਨੀ ਨੇ ਹੇਠਲੇ ਪੱਧਰ ਤੋਂ ਲੈ ਕੇ ਸਿਖਰਲੇ ਅਫਸਰਾਂ ਤੱਕ ਸਮੁੱਚੀ ਪੁਲੀਸ ਫੋਰਸ ਨੂੰ ਭਿ੍ਰਸ਼ਟਾਚਾਰ ਨੂੰ ਨੱਥ ਪਾਉਣ, ਨਸ਼ੇ ਦੀ ਸਪਲਾਈ ਲਾਈਨ ਤੋੜਨ, ਨਜਾਇਜ਼ ਸ਼ਰਾਬ ਦਾ ਕਾਰੋਬਾਰ ਖਤਮ ਕਰਨ ਅਤੇ ਰੇਤ ਮਾਫੀਏ ਨਾਲ ਕਰੜੇ ਹੱਥੀਂ ਨਿਪਟਣ ਲਈ ਇਕਜੁਟਤਾ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਬਣਾਉਣ ਵਾਲੇ ਨਸ਼ਾ ਤਸਕਰਾਂ ਦੀ ਸ਼ਨਾਖਤ ਕਰਨ ਲਈ ਪੁਲੀਸ ਨੂੰ ਢੁਕਵੀਂ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ।

ਅੱਜ ਸ਼ਾਮ ਇੱਥੇ ਮੁੱਖ ਮੰਤਰੀ ਦਫਤਰ ਵਿਖੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੁਲੀਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਚੰਨੀ ਨੇ ਅਫਸਰਾਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾ, ਇਮਾਨਦਾਰੀ ਅਤੇ ਪੇਸ਼ੇਵਾਰ ਵਚਨਬੱਧਤਾ ਨਾਲ ਨਿਭਾਉਣ ਲਈ ਆਖਿਆ ਤਾਂ ਕਿ ਲੋਕਾਂ ਨੂੰ ਫਰਕ ਮਹਿਸੂਸ ਹੋਵੇ ਅਤੇ ਇਸ ਸਬੰਧ ਵਿਚ ਹੇਠਲੇ ਪੱਧਰ ਤੱਕ ਸੁਨੇਹਾ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਫਸਰਾਂ ਦੀਆਂ ਨਵੀਂਆ ਤਇਨਾਤੀਆਂ ਪੂਰੀ ਤਰਾਂ ਨਾਲ ਯੋਗਤਾ ਅਤੇ ਟਰੈਕ ਰਿਕਾਰਡ ਦੇ ਅਧਾਰ ‘ਤੇ ਕੀਤੀਆਂ ਗਈਆਂ ਹਨ ਜਿਸ ਕਰਕੇ ਉਨਾਂ ਨੂੰ ਆਪਣੀ ਡਿਊਟੀ ਪੂਰੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਬਿਨਾਂ ਭੇਦ-ਭਾਵ ਦੇ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਮ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਵਧ ਸਕੇ। ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਆਕਤੀ ਨੂੰ ਨਜਾਇਜ਼ ਹਿਰਾਸਤ ਵਿਚ ਨਾ ਰੱਖਿਆ ਜਾਵੇ ਅਤੇ ਕਿਸੇ ਨੂੰ ਵੀ ਝੂਠੇ ਕੇਸਾਂ ਵਿਚ ਨਾ ਉਲਝਾ ਕੇ ਪ੍ਰੇਸ਼ਾਨ ਕੀਤਾ ਜਾਵੇ।

ਮੁੱਖ ਮੰਤਰੀ ਨੇ ਦਿਵਾਲੀ ਦੇ ਤਿਉਹਾਰ ਦੇ ਮੌਕੇ ਦੁਕਾਨਦਾਰਾਂ ਅਤੇ ਰੇਹੀੜੀਆਂ/ਫੜੀਆਂ ਲਾ ਕੇ ਸਮਾਨ ਵੇਚਣ ਵਾਲਿਆਂ ਨੂੰ ਲਾਇਸੰਸ ਦੇ ਨਾਮ ‘ਤੇ ਪੈਸੇ ਮੰਗ ਕੇ ਪੁਲਿਸ ਵਲੋਂ ਬੇਲੋੜਾ ਤੰਗ ਨਾ ਕੀਤਾ ਜਾਵੇ। ਉਨਾਂ ਇਸ ਸਬੰਧੀ ਜ਼ਿਲਾ ਪੁਲਿਸ ਮੁਖੀਆਂ ਨੂੰ ਡੀ.ਐਸ.ਪੀ ਅਤੇ ਐਸ.ਐਚ.ਓ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰਨ ਲਈ ਵੀ ਕਿਹਾ ਤਾਂ ਜੋ ਇੰਨਾਂ ਲੋਕਾਂ ਨੂੰ ਦਿਵਾਲੀ ਦੇ ਤਿਉਹਾਰ ਮੌਕੇ ਸਮਾਨ ਅਤੇ ਪਟਾਕੇ ਵੇਚਣ ਵਿਚ ਕੋਈ ਦਿੱਕਤ ਨਾ ਆਵੇ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਦੜਾ-ਸੱਟਾ ਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਪੂਰੀ ਸਖਤੀ ਵਰਤਦਿਆਂ ਮਿਸਾਲੀ ਕਾਰਵਾਈ ਕੀਤੀ ਜਾਵੇ। ਤਿਉਹਾਰਾਂ ਦੇ ਸੀਜਨ ਦੌਰਾਨ ਰਾਤ ਸਮੇਂ ਹੁੰਦੇ ਹਾਦਸੇ ਰੋਕਣ ਲਈ ਮੁੱਖ ਮੰਤਰੀ ਨੇ ਕਿਹਾ ਕਿ ਪੈਟਰੌਲਿੰਗ ਵਧਾਈ ਜਾਵੇ ਖਾਸ ਕਰਕੇ ਰਾਤ ਸਮੇਂ ਖਾਸ ਨਿਗਰਾਨੀ ਰੱਖੀ ਜਾਵੇ।

ਚੰਨੀ ਨੇ ਕਿਹਾ ਕਿ ਉਨਾਂ ਨੂੰ ਪੁਲਿਸ ਵਲੋਂ ਵਾਹਨਾਂ ਦੇ ਕਾਗਜ਼ ਚੈੱਕ ਕਰਨ ਦੇ ਨਾਮ ‘ਤੇ ਪੁਲੀਸ ਵਲੋਂ ਲਈ ਜਾਂਦੀ ਰਿਸ਼ਵਤ ਅਤੇ ਲੁੱਟ-ਖਸੁੱਟ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਠੱਲ ਪਾਉਣ ਲਈ ਟਰੈਫਿਕ ਪੁਲਿਸਗਿੰਗ ਅਤੇ ਪ੍ਰਬੰਧਨ ਵਿਚ ਕ੍ਰਾਂਤੀਕਾਰੀ ਸੁਧਾਰ ਹੋਂਦ ਵਿਚ ਲਿਆਂਦੇ ਜਾਣ।
ਮੁੱਖ ਮੰਤਰੀ ਨੇ ਇਹ ਵੀ ਵਕਾਲਤ ਕੀਤੀ ਕਿ ਗਲਤ ਕੰਮ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ ਜੋ ਸਮੁੱਚੀ ਪੁਲੀਸ ਫੋਰਸ ਨੂੰ ਬਦਨਾਮ ਕਰ ਰਹੇ ਹਨ।

ਮੁੱਖ ਮੰਤਰੀ ਨੇ ਪੁਲੀਸ ਅਧਿਕਾਰੀਆਂ ਖਾਸ ਕਰਕੇ ਜ਼ਿਲਾ ਪੁਲੀਸ ਮੁੱਖੀਆਂ ਨੂੰ ਸਪੱਸ਼ਤ ਤੌਰ ‘ਤੇ ਕਿਹਾ ਕਿ ਜਾਂ ਤਾਂ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਲਈ ਆਪਣੀ ਡਿਊਟੀ ਜ਼ਿੰਮੇਵਾਰਾਨਾ ਤਰੀਕੇ ਨਾਲ ਨਿਭਾਉਣ ਜਾਂ ਆਪਣੀ ਫਿਰ ਤਬਾਦਲੇ ਲਈ ਤਿਆਰ ਰਹਿਣ, ਕਿਉਂਕਿ ਸਿਵਲ ਅਤੇ ਪੁਲੀਸ ਪ੍ਰਸਾਸਨ ਦੋਵਾਂ ਵਿੱਚ ਕੁਸਲ, ਸਾਫ, ਭਿ੍ਰਸ਼ਟਾਚਾਰ ਮੁਕਤ ਅਤੇ ਪਾਰਦਰਸੀ ਪ੍ਰਸਾਸਨ ਉਨਾਂ ਦੀ ਸਰਕਾਰ ਦਾ ਮੁੱਖ ਏਜੰਡੇ ਹੈ।

ਇਸ ਤੋਂ ਪਹਿਲਾਂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨਾਂ ਕੋਲ ਗ੍ਰਹਿ ਵਿਭਾਗ ਹੈ, ਨੇ ਕਿਹਾ ਕਿ ਸਾਡੀ ਪੁਲੀਸ ਫੋਰਸ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਸਮਰੱਥ ਅਤੇ ਨਿਪੁੰਨ ਹੈ। ਉਨਾਂ ਕਿਹਾ, “ਜੇਕਰ ਸਾਡੀ ਪੁਲੀਸ ਫੋਰਸ ਸੂਬੇ ਵਿੱਚ ਦਹਾਕਿਆਂ ਤੋਂ ਚੱਲ ਰਹੇ ਅੱਤਵਾਦ ਨੂੰ ਬਹਾਦਰੀ ਨਾਲ ਕਾਬੂ ਕਰ ਸਕਦੀ ਹੈ, ਤਾਂ ਮੈਨੂੰ ਯਕੀਨ ਹੈ ਕਿ ਉਹ ਗੈਂਗਸਟਰਾਂ ਅਤੇ ਰੇਤ ਮਾਫੀਆ ਤੋਂ ਇਲਾਵਾ ਨਸ਼ਿਆਂ ਦਾ ਖਾਤਮਾ ਕਰਕੇ ਇੱਕ ਮਿਸਾਲ ਕਾਇਮ ਕਰੇਗੀ।“
ਉਪ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੂੰ ਆਮ ਲੋਕਾਂ ਨੂੰ ਇਨਸਾਫ ਦਿਵਾ ਕੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਭਰੋਸਾ ਵੀ ਦਿੱਤਾ। ਉਨਾਂ ਨੇ ਪੁਲੀਸ ਅਧਿਕਾਰੀਆਂ ਨੂੰ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਇਕੋ-ਇਕ ਉਦੇਸ ਨਾਲ ਆਪਣੀ ਡਿਊਟੀਆਂ ਨਿਡਰਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਰੰਧਾਵਾ ਨੇ ਅੱਗੇ ਕਿਹਾ ਕਿ ਉਹ ਇਨਾਂ ਅਧਿਕਾਰੀਆਂ ਦੀ ਅਤੇ ਇਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ ਤਾਂ ਜੋ ਡਿਊਟੀ ਦੌਰਾਨ ਉਨਾਂ ਦੇ ਮਨੋਬਲ ਨੂੰ ਵਧਾਇਆ ਜਾ ਸਕੇ।
ਇਸ ਤੋਂ ਪਹਿਲਾਂ, ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੁਲੀਸ ਵਿਭਾਗ ਮੌਕੇ ’ਤੇ ਹੀ ਲੋਕਾਂ ਦੀਆਂ ਸਕਿਾਇਤਾਂ ਦਾ ਨਿਪਟਾਰਾ ਕਰਨ ਲਈ ਹਰ ਪੰਦਰਾਂ ਦਿਨ ਬਾਅਦ ਵਿਸ਼ੇਸ਼ ਸੁਵਿਧਾ ਕੈਂਪ ਲਗਾਏਗਾ।

ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜਮ ਤੋਂ ਇਲਾਵਾ ਏ.ਡੀ.ਜੀ.ਪੀ., ਆਈ.ਜੀ., ਡੀ.ਆਈ.ਜੀ. ਪੱਧਰ ਦੇ ਸਾਰੇ ਸੀਨੀਅਰ ਅਫਸਰ, ਕਮਿਸ਼ਨਰ ਆਫ ਪੁਲੀਸ ਅਤੇ ਜ਼ਿਲਾ ਪੁਲੀਸ ਮੁਖੀ ਵੀ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles