ਅੰਮ੍ਰਿਤਸਰ, 18 ਜੂਨ ( ਨਿਊਜ਼ ਹੰਟ ) :
ਟੋਕਿਓ ਵਿੱਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨਾਂ ਵਿੱਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡਿਓ ਕਾਨਫਰੰਸਿੰਗ ਵਿੱਚ ਭਾਗ ਲੈਂਦੇ ਸਮੇਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਪੰਜੇ ਖਿਡਾਰੀ ਹਾਕੀ ਲਈ ਚੁਣੇ ਗਏ ਹਨ। ਜਿਨਾਂ ਵਿੱਚ ਸ: ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਜੀਤ ਕੌਰ ਹੈ। ਸ੍ਰੀ ਮੂਧਲ ਨੇ ਇਨਾਂ ਖਿਡਾਰੀਆਂ ਨੂੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਆਪਣੇ ਰਾਜ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।
ਇਸ ਤੋਂ ਪਹਿਲਾਂ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਜਾਣ ਵਾਲੇ ਪੰਜਾਬ ਦੇ ਅਥਲੀਟਾਂ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਆਪਣੇ ਪ੍ਰਦਰਸ਼ਨ ਰਾਹੀਂ ਸੂਬੇ ਤੇ ਦੇਸ਼ ਦਾ ਨਾਮ ਚਮਕਾਉਣ ਦਾ ਸੱਦਾ ਦਿੰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਉਮੀਦ ਹੈ ਕਿ ਸਾਡੇ ਖਿਡਾਰੀ ਟੋਕੀਓ ਤੋਂ ਵੱਡੀ ਗਿਣਤੀ ਵਿੱਚ ਤਮਗੇ ਜਿੱਤ ਕੇ ਘਰ ਪਰਤਣਗੇ।
ਪੰਜਾਬ ਦੇ ਖਿਡਾਰੀਆਂ ਨਾਲ ਵੀਡੀਉ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਸ਼ੂਟਿੰਗ ਦੇ ਉੱਘੇ ਖਿਡਾਰੀ ਰਹੇ ਰਾਣਾ ਸੋਢੀ ਨੇ ਟੋਕੀਓ ਜਾ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਇਸ ਖੇਡ ਮਹਾਂਕੁੰਭ ਲਈ ਆਪਣੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਖ਼ਰੀਦੋ-ਫਰੋਖ਼ਤ ਲਈ ਪੰਜ-ਪੰਜ ਲੱਖ ਰੁਪਏ ਸੌਂਪੇ।
ਹਰੇਕ ਖਿਡਾਰੀ ਲਈ ਮਾਲੀ ਮਦਦ ਦਾ ਐਲਾਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਮੀਦ ਹੈ ਕਿ ਟੋਕੀਓ ਉਲੰਪਿਕਸ ਵਿੱਚ ਭਾਰਤ ਵੱਲੋਂ ਤਕਰੀਬਨ 190 ਮੈਂਬਰੀ ਦਲ ਭਾਗ ਲਵੇਗਾ, ਜਿਸ ਵਿੱਚੋਂ 100 ਅਥਲੀਟ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚ 56 ਪੁਰਸ਼ ਤੇ 44 ਔਰਤਾਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ 25 ਤੋਂ 30 ਹੋਰ ਅਥਲੀਟ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨਗੇ।
ਇਸ ਮੌਕੇ ਜ਼ਿਲਾ ਖੇਡ ਅਫ਼ਸਰ ਸ: ਗੁਰਲਾਲ ਸਿੰਘ, ਜਿਲਾ ਸੂਚਨਾ ਅਫ਼ਸਰ ਸ: ਰਣਜੀਤ ਸਿੰਘ ਤੋਂ ਇਲਾਵਾ ਖਿਡਾਰੀਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।