ਹੁਸ਼ਿਆਰਪੁਰ,2 ਅਕਤੂਬਰ (ਨਿਊਜ਼ ਹੰਟ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਹਾਤਮਾ ਗਾਂਧੀ ਜੈਯੰਤੀ ਮੌਕੇ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪੱਧਰ ’ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਤੋਂ ਸੈਸ਼ਨ ਚੌਕ ਤੱਕ ਵਾਕਾਥੋਨ ਰੈਲੀ ਕੱਢੀ ਗਈ। ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਅਤੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਿਵਲ ਜੱਜ (ਸੀਨੀਅਰ ਡਵੀਜ਼ਨ) ਰੁਪਿੰਦਰ ਸਿੰਘ ਦਿਸ਼ਾ-ਨਿਰਦੇਸ਼ਾਂ ’ਤੇ ਨਾਲਸਾ, ਨਵੀਂ ਦਿੱਲੀ ਵਲੋਂ ਚਲਾਏ ਜਾ ਰਹੇ ਪੈਨ ਇੰਡੀਆ ਅਵੇਅਰਨੈਸ ਐਂਡ ਆਊਟਰੀਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਸਬੰਧੀ ਇਸ ਵਾਕਾਥੋਨ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਉਣਾ ਹੈ। ਇਸ ਵਾਕਾਥੋਨ ਰੈਲੀ ਦੌਰਾਨ ਪੈਨਲ ਦੇ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਜ਼ ਵਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇ ਪੈਂਫਲਟ ਵੀ ਵੰਡੇ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਗ੍ਰਾਮ ਪੰਚਾਇਤ ਬੋਰਾ, ਬਿਸ਼ਨਪੁਰ, ਬਾਨੋਵਾਲ ਅਤੇ ਹੋਰ ਸਥਾਨਾਂ ’ਤੇ ਵੀ ਮੁਫ਼ਤ ਕਾਨੂੰਨੀ ਸਹਾਇਕ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਵਾਕਾਥੋਨ ਰੈਲੀ ਕੱਢੀ ਗਈ।
ਇਸ ਮੌਕੇ ਪੈਨਲ ਦੇ ਵਕੀਲ ਮਲਕੀਤ ਸਿੰਘ ਸੀਕਰੀ, ਐਡਵੋਕੇਟ ਦੇਸ਼ ਗੌਤਮ, ਐਡਵੋਕੇਟ ਨੀਰਜ਼ ਅਰੋੜਾ, ਐਡਵੋਕੇਟ ਸੰਦੀਪ, ਐਡਵੋਕੇਟ ਲਵਪ੍ਰੀਤ, ਪੈਰਾ ਲੀਗਲ ਵਲੰਟੀਅਰ ਪਵਨ ਕੁਮਾਰ, ਬਲਬੀਰ ਰਾਜ, ਮੋਹਨ ਸਿੰਘ, ਕਸਤੂਰੀ ਲਾਲ, ਨੀਲਮ ਦੇਵੀ, ਅਨਿਤਾ ਕੁਮਾਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ਼ ਵਲੋਂ ਵੀ ਹਿੱਸਾ ਲਿਆ ਗਿਆ।
ਇਸ ਕੜੀ ਤਹਿਤ ਗ੍ਰਾਮ ਪੰਚਾਇਤ ਸਿੰਗੜੀਵਾਲਾ ਵਿਚ ਐਡਵੋਕੇਟ ਦੇਸ਼ ਗੌਤਮ, ਬਲਬੀਰ ਸਿੰਘ, ਪੈਰਾ ਲੀਗਲ ਵਲੰਟੀਅਰਜ਼ ਵਲੋਂ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਉਨ੍ਹਾਂ ਵਲੋਂ ਲੋਕ ਅਦਾਲਤਾਂ ਅਤੇ ਮੀਡੀਏਸ਼ਨ ਦੇ ਲਾਭ, ਮੁਫ਼ਤ ਵਕੀਲ ਦੀਆਂ ਸੇਵਾਵਾਂ, ਮੁਫ਼ਤ ਕਾਨੂੰਨੀ ਸੇਵਾਵਾਂ ਸਹਾਇਤਾ ਲੈਣ ਬਾਰੇ ਜਾਣਕਾਰੀ ਦਿੱਤੀ ਗਈ।
