ਹੁਸ਼ਿਆਰਪੁਰ, 8 ਅਕਤੂਬਰ (ਨਿਊਜ਼ ਹੰਟ)- ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਹਮੇਸ਼ਾਂ ਮਾਣ-ਸਨਮਾਨ ਵਧਾਇਆ ਹੈ ਅਤੇ ਹਮੇਸ਼ਾਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਹ ਪਿੰਡ ਅਲਾਹਾਬਾਦ ਵਿਚ ਸਹਿਕਾਰੀ ਖੇਤੀ ਸਭਾਵਾਂ ਦੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜਾ ਮੁਆਫ਼ੀ ਦੇ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ।
ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਸਹਿਕਾਰੀ ਖੇਤੀ ਸਭਾ ਬਜਵਾੜਾ ਅਧੀਨ ਆਉਂਦੇ ਪਿੰਡ ਅਲਾਹਾਬਾਦ ਦੇ 61 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 13,58,699 ਰੁਪਏ ਕਰਜ਼ਾ ਮੁਆਫੀ ਦੇ ਚੈਕ ਸੌਂਪੇ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਪਿੰਡ ਦੇ ਇਨ੍ਹਾਂ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾ ਸਿਰਫ਼ ਪੂਰੇ ਜ਼ਿਲ੍ਹੇ ਬਲਕਿ ਪੂਰੇ ਸੂਬੇ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2019 ਵਿਚ ਸ਼ੁਰੂ ਕੀਤੀ ਇਸ ਸਕੀਮ ਨੂੰ ਅੱਗੇ ਵਧਾਉਂਦੇ ਹੋਏ 2.85 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ 46565 ਲਾਭਪਾਤਰੀਆਂ ਦਾ ਕਰਜ਼ਾ ਮੁਆਫ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਤੀ ਸਹਿਕਾਰੀ ਸਭਾਵਾਂ ਦੇ ਇਨ੍ਹਾਂ ਮੈਂਬਰਾਂ ਦੇ 104 ਕਰੋੜ ਰੁਪਏ ਤੋਂ ਵੱਧ ਦੇ ਕਰਜ਼ਾ ਮੁਆਫ਼ ਕੀਤੇ ਜਾ ਰਹੇ ਹਨ, ਜਿਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਮੌਜੂਦਾ ਸਮੇਂ ਵਿਚ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬੇਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਲਈ 8.50 ਲੱਖ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਿਆਂਦਾ ਗਿਆ ਹੈ।
ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਸੋਨੂੰ, ਬਲਾਕ ਸੰਮਤੀ ਮੈਂਬਰ ਰਵਿੰਦਰ ਕੌਰ, ਕਿਰਨ ਮੱਲੀ, ਰਿਟਾਇਰਡ ਐਸ.ਪੀ. ਰਾਮ ਲਾਲ ਬੈਂਸ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਕੁਲਦੀਪ ਅਰੋੜਾ, ਸੰਜੀਵ ਮਿੰਟੂ, ਸਰਬਜੀਤ ਸਾਬੀ, ਬਲਦੇਵ ਸਿੰਘ, ਸਾਬਕਾ ਸਰਪੰਚ ਭਗਤ ਰਾਮ ਵੀ ਮੌਜੂਦ ਸਨ।
