ਅੰਮ੍ਰਿਤਸਰ, 13 ਮਈ: ( ਨਿਊਜ਼ ਹੰਟ )
ਕੋਵਿਡ 19 ਮਹਾਂਮਾਰੀ ਦੀ ਤਾਜਾ ਸਥਿਤੀ ਨੂੰ ਲੈ ਕੇ ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਵੱਲੋਂ ਮੈਡੀਕਲ ਕਾਲਜ ਵਿਖੇ ਪ੍ਰਸਾਸ਼ਨਿਕ, ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਸੁਨੀਲ ਦੱਤੀ ਵਿਧਾਇਕ, ਸ੍ਰੀ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ, ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਸੰਦੀਪ ਰਿਸ਼ੀ ਵਧੀਕ ਕਮਿਸ਼ਨਰ ਨਗਰ ਨਿਗਮ, ਡਾ: ਚਰਨਜੀਤ ਸਿੰਘ ਸਿਵਲ ਸਰਜਨ, ਡਾ: ਰਾਜਵੀ ਦੇਵਗਨ ਪਿ੍ਰੰਸੀਪਲ ਮੈਡੀਕਲ ਕਾਲਜ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਔਜਲਾ ਨੇ ਦੱਸਿਆ ਕਿ ਕਰੋਨਾ ਦੀ ਦੂਸਰੀ ਲਹਿਰ ਭਿਆਨਕ ਰੂਪ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਉਨ੍ਹਾਂ ਜਿਲ੍ਹਾ ਅਧਿਕਾਰੀਆਂ ਅਤੇ ਖਾਸ ਤੌਰ ਤੇ ਡਾਕਟਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਸਾਰੇ ਮਿਲ ਕੇ ਇਕ ਟੀਮ ਵਜੋਂ ਕੰਮ ਕਰ ਰਹੇ ਹਨ ਅਤੇ ਆਕਸੀਜਨ ਕਮੀ ਹੋਣ ਤੇ ਬਾਵਜੂਦ ਵੀ ਜਿਲੇ੍ਹ ਵਿੱਚ ਆਕਸੀਜਨ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਿਆ ਹੈ। ਸ੍ਰ ਔਜਲਾ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਵਿੱਚ 70 ਫੀਸਦੀ ਤੋਂ ਜਿਆਦਾ ਮਰੀਜ ਆਕਸੀਜਨ ਤੇ ਨਿਰਭਰ ਹੋ ਰਹੇ ਹਨ ਅਤੇ ਇਸ ਲਹਿਰ ਨੇ ਨੌਜਵਾਨਾਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਜਕੜ ਲਿਆ ਹੈ। ਸ੍ਰ ਔਜਲਾ ਨੇ ਕਿਹਾ ਕਿ ਇਸ ਲੜਾਈ ਵਿੱਚ ਸਾਡੇ ਸਿਹਤ ਕਾਮੇ ਇਕ ਵੱਡੇ ਯੋਧੇ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਹਨ ਅਤੇ ਅਸੀਂ ਸਾਰੀ ਲੜਾਈ ਇਨ੍ਹਾਂ ਦੇ ਮੋਢਿਆਂ ਤੇ ਲੜ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਤੇ ਨਰਸਾਂ ਨਾਲ ਆਪਣਾ ਵਤੀਰਾ ਠੀਕ ਰੱਖਣ ਕਿਉਂਕਿ ਇਹ ਸਾਡੇ ਯੌਧੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਸ ਮਹਾਂਮਾਰੀ ਦਾ ਡੱਟ ਕੇੇ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਨੇ ਮੀਡੀਆ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ਬਰਾਂ ਨੂੰ ਪਾਜਟਿਵ ਤੌਰ ਤੇ ਜਿਆਦਾ ਸਾਹਮਣੇ ਲਿਆਉਣ ਤਾਂ ਜੋ ਲੋਕਾਂ ਦਾ ਮਾਨਸਿਕ ਪੱਧਰ ਸਥਿਰ ਰਹਿ ਸਕੇ।
ਸ੍ਰ ਔਜਲਾ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਬਹੁਤ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ, ਦਵਾਈਆਂ ਅਤੇ ਵਿਦੇਸ਼ਾਂ ਆ ਰਹੀ ਸਹਾਇਤਾ ਨੂੰ ਵੀ ਪੰਜਾਬ ਨੂੰ ਨਹੀਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਮੁਸ਼ਕਲ ਘੜੀ ਵਿੱਚ ਕੇਂਦਰ ਸਰਕਾਰ ਦੇਸ਼ ਵਿੱਚ ਕੁਝ ਰਾਜਾਂ ਨਾਲ ਸਿਆਸਤ ਦਾ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਆਕਸੀਜਨ ਖਰੀਦਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਸਾਰ ਨਹੀਂ ਲਈ। ਸ੍ਰ ਔਜਲਾ ਨੇ ਕਿਹਾ ਕਿ ਵੱਖ ਵੱਖ ਐਨ:ਜੀ:ਓ ਵੱਲੋਂ ਪੰਜਾਬ ਨੂੰ ਭੇਜੀ ਜਾ ਰਹੀ ਸਹਾਇਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਸੰਸਥਾਵਾਂ ਵੱਲੋਂ ਅੰਮ੍ਰਿਤਸਰ ਵਿਖੇ 200 ਆਕਸੀਜਨ ਕੰਸਟੇਟਰ ਭੇਜੇ ਜਾ ਰਹੇ ਹਨ ਜੋ ਕਿ ਜਲਦ ਹੀ ਇਥੇ ਪਹੁੰਚ ਜਾਣਗੇ। ਉਨ੍ਹਾਂ ਦੱਸਿਆ ਕਿ ਡੀ:ਆਰ:ਡੀ:ਓ ਵੱਲੋਂ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਕ ਆਕਸੀਜਨ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ ਜੋ ਕਿ ਜੁਲਾਈ ਤੱਕ ਤਿਆਰ ਹੋ ਜਾਵੇਗਾ।
ਮੀਟਿੰਗ ਦੌਰਾਨ ਸ੍ਰ ਔਜਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾਣਾ ਹੈ ਜਿਸ ਵਿੱਚ ਸਰਬੱਤ ਦਾ ਭਲਾ ਟਰੱਸਟ ਵੱਲੋਂ 50 ਲੱਖ ਰੁਪਏ ਦਿੱਤੇ ਜਾਣਗੇ ਅਤੇ ਉਨ੍ਹਾਂ ਵੱਲੋਂ ਵੀ ਐਮ:ਪੀ ਲੈਂਡ ਫੰਡ ਵਿੱਚ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸ੍ਰ ਔਜਲਾ ਨੇ ਸਿਵਲ ਸਰਜਨ ਨੂੰ ਕਿਹਾ ਕਿ ਪੇਂਡੂ ਖੇਤਰ ਵਿੱਚ ਵੱਧ ਤੋਂ ਵੱਧ ਸੈਂਪÇਲੰਗ ਕਰਵਾਈ ਜਾਵੇ ਅਤੇ ਇਸ ਦੇ ਨਾਲ ਹੀ ਪਿੰਡਾਂ ਵਿੱਚ ਪ੍ਰਚਾਰ ਕਰਕੇ ਇਸ ਭਿਆਨਕ ਮਹਾਂਮਾਰੀ ਵਿਰੁਧ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਖੁਰਾਕ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਲੋੜਵੰਦ ਲੋਕਾਂ ਨੂੰ ਤੁਰੰਤ ਕਣਕ ਵੰਡੀ ਜਾਵੇ। ਮੀਟਿੰਗ ਉਪਰੰਤ ਸ੍ਰ ਔਜਲਾ ਵੱਲੋਂ ਕੋਵਿਡ ਵਾਰਡਾਂ ਦਾ ਦੌਰਾ ਕਰਕੇ ਮਰੀਜਾ ਦਾ ਹਾਲ ਚਾਲ ਪੁਛਿਆ ਅਤੇ ਕੰਮ ਕਰ ਰਹੇ ਸਟਾਫ ਦੀ ਹੌਸਲਾ ਅਫਜਾਈ ਵੀ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਲਹਿਰ ਨਾਲ ਨਿਪਟਣ ਲਈ ਵੱਖ ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਸਾਰੇ ਅਧਿਕਾਰੀ 24 ਘੰਟੇ ਸਥਿਤੀ ਤੇ ਆਪਣੀ ਨਜਰ ਰੱਖ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਵਗਨ ਨੇ ਦੱਸਿਆ ਕਿ ਇਸ ਸਮੇਂ 300 ਤੋ ਜਿਆਦਾ ਕਰੋਨਾ ਦੇ ਮਰੀਜ ਹਸਪਤਾਲ ਵਿਖੇ ਦਾਖਲ ਹਨ ਅਤੇ ਜਿੰਨਾਂ ਵਿੱਚੋ 250 ਤੋਂ ਜਿਆਦਾ ਐਲ 3 ਸਟੇਜ ਤੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹਸਪਤਾਲ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਮੀਟਿੰਗ ਦੌਰਾਨ ਸਿਵਲ ਸਰਜਨ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਰੋਜਾਨਾ 8000 ਦੇ ਕਰੀਬ ਕਰੋਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਕੇਂਦਰਾਂ ਵਿੱਚ ਲੋਕਾਂ ਨੂੰ ਕਰੋਨਾ ਵੈਕਸੀਨ ਵੀ ਲਗਾਈ ਜਾ ਰਹੀ ਹੈ।