ਅੰਮ੍ਰਿਤਸਰ, 15 ਜੂਨ ( ਨਿਊਜ਼ ਹੰਟ ) :
ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ 90 ਫੀਸਦੀ ਦੇ ਕਰੀਬ ਵਿਕਾਸ ਦੇ ਕਾਰਜ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਗਰਮੀਆਂ ਦੌਰਾਨ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਵਾਰਡਾਂ ਵਿੱਚ ਨਵੇਂ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਵਾਰਡਾਂ ਦੇ ਕੌਂਸਲਰਾਂ ਨਾਲ ਵਿਕਾਸ ਕਾਰਜਾਂ ਸਬੰਧੀ ਰੀਵਿਊ ਮੀਟਿੰਗ ਦੌਰਾਨ ਕੀਤਾ।
ਸ੍ਰੀ ਸੋਨੀ ਨੇ ਸਮੂਹ ਕੌਂਸਲਰ ਸਹਿਬਾਨ ਨੂੰ ਕਿਹਾ ਕਿ ਉਹ ਆਪਣੀ ਵਾਰਡ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਖੁਦ ਲੈਣ ਅਤੇ ਮਿਥੇ ਸਮੇਂ ਅੰਦਰ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਉਣ। ਸ੍ਰੀ ਸੋਨੀ ਨੇ ਕਿਹਾ ਕਿ ਸਮੂਹ ਕੌਂਸਲਰ ਦੀ ਜਿੰਮੇਵਾਰੀ ਬਣਦੀ ਹੈ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਜਿਥੇ ਕਿਤੇ ਵੀ ਕੋਈ ਕੰਮ ਰਹਿ ਗਿਆ ਹੈ ਉਸ ਨੂੰ ਤੁਰੰਤ ਪੂਰਾ ਕਰਵਾਇਆ ਜਾਵੇ। ਗਰਮੀਆਂ ਦੇ ਸੀਜਨ ਦੌਰਾਨ ਪਾਣੀ ਕਿੱਲਤ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸੋਨੀ ਨੇ ਦੱਸਿਆ ਕਿ ਹਲਕੇ ਦੀਆਂ ਕਈ ਵਾਰਡਾਂ ਵਿੱਚ ਹੋਰ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਵੀ ਕਈ ਪਾਰਕਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ ਅਤੇ ਲੋਹਗੜ੍ਹ ਤੋਂ ਗੇਟ ਖਜਾਨਾ ਤੱਕ ਬਿਜਲੀ ਦੀਆਂ ਸਾਰੀਆਂ ਤਾਰਾਂ, ਪੀਣ ਵਾਲੇ ਪਾਣੀ ਦੀਆਂ ਨਵੀਂਆਂ ਪਾਇਪਾਂ ਅੰਡਰ ਗਰਾਉਂਡ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਵਿਕਾਸ ਪੱਖੋਂ ਕੋਈ ਵੀ ਵਾਰਡ ਸੱਖਣਾ ਨਹੀਂ ਰਹਿਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਕੋਈ ਵੀ ਵਾਅਦਾ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਸਾਰੀਆਂ ਵਾਰਡਾਂ ਵਿੱਚ ਐਲ:ਈ:ਡੀ ਲਾਈਟਾਂ, ਨਵੇਂ ਟਿਊਬਵੈਲ, ਨਵੀਂਆਂ ਗਲੀਆਂ ਨਾਲੀਆਂ ਦਾ ਨਿਰਮਾਣ, ਸੀਵਰੇਜ ਵਿਵਸਥਾ ਵਿੱਚ ਸੁਧਾਰ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਗਿਆ ਹੈ। ਸ੍ਰੀ ਸੋਨੀ ਨੇ ਸਮੂਹ ਕੌਂਸਲਰਾਂ ਨੂੰ ਕਿਹਾ ਕਿ ਉਹ ਆਪਣੀ ਆਪਣੀ ਵਾਰਡ ਵਿੱਚ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਉਣ ਜਾਗਰੂਕ ਕਰਨ ਅਤੇ ਆਪਣੀਆਂ ਆਪਣੀਆਂ ਵਾਰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਡਿਪਟੀ ਮੇਅਰ ਸ੍ਰੀ ਯੂਨਿਸ ਕੁਮਾਰ, ਚੇਅਰਮੈਨ ਸ੍ਰੀ ਅਰੁਣ ਪੱਪਲ, ਚੇਅਰਮੈਨ ਸ੍ਰੀ ਮਹੇਸ਼ ਖੰਨਾ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਸੁਰਿੰਦਰ ਕੁਮਾਰ ਛਿੰਦਾ, ਕੌਂਸਲਰ ਰਾਜਬੀਰ ਕੋਰ, ਕੌਂਸਲਰ ਤਾਹਿਰ ਸ਼ਾਹ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰ ਗੁਰਦੇਵ ਸਿੰਘ ਦਾਰਾ, ਸਰਬਜੀਤ ਸਿੰਘ ਲਾਟੀ, ਸ੍ਰੀ ਸੁਨੀਲ ਕੁਮਾਰ ਕਾਉਂਟੀ, ਸ੍ਰ ਇਕਬਾਲ ਸਿੰਘ ਸ਼ੈਰੀ ਅਤੇ ਲਖਵਿੰਦਰ ਸਿੰਘ ਲੱਖਾ ਵੀ ਹਾਜਰ ਸਨ।