ਜਲੰਧਰ, 2 ਜੂਨ- ( ਨਿਊਜ਼ ਹੰਟ )
ਲੋਕਾਂ ਵਿੱਚ ਰੋਗ ਪ੍ਰਤੀ ਰੋਧਕ ਸਮਰੱਥਾ ਨੂੰ ਵਧਾਉਣ ਲਈ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ ਅੱਜ ਸ੍ਰੀ ਗੀਤਾ ਮੰਦਿਰ ਅਰਬਨ ਅਸਟੇਟ ਜਲੰਧਰ ਵਿਖੇ ਐਨ.ਜੀ.ਓ. ਹਿਊਮੈਨਿਟੀ ਵੱਲੋਂ ਲਗਾਏ ਗਏ ਕੋਵਿਡ ਵੈਕਸੀਨ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਸਾਇੰਸਦਾਨਾਂ ਵੱਲੋਂ ਇਸ ਅਦ੍ਰਿਸ਼ ਦੁਸ਼ਮਣ ਖਿਲਾਫ਼ ਲੜੀ ਜਾ ਰਹੀ ਜੰਗ ਜਿੱਤਣ ਲਈ ਵੈਕਸੀਨ ਵਿਕਸਤ ਕਰ ਲਈ ਗਈ ਹੈ ਅਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੋਵਿਡ ਵੈਕਸੀਨ ਲਗਵਾਉਣ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਜੋ ਲੋਕ ਵੈਕਸੀਨੇਸ਼ਨ ਤੋਂ ਬਚ ਰਹੇ ਹਨ ਅਤੇ ਇਸ ਨੂੰ ਜਾਣਬੁੱਝ ਕੇ ਟਾਲ ਰਹੇ ਹਨ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜੋਖਮ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਵੈ ਇੱਛਤ ਤੌਰ ’ਤੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ।
ਹਿਊਮੈਨਿਟੀ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਲੋਕਾਂ ਵਿੱਚ ਕੋਵਿਡ ਵੈਕਸੀਨ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਕੇ ਅਤੇ ਉਨ੍ਹਾਂ ਨੂੰ ਮੋਬਾਇਲ ਵੈਕਸੀਨੇਸ਼ਨ ਦੀ ਸਹੂਲਤ ਮੁਹੱਈਆ ਕਰਵਾ ਕੇ ਇਸ ਵਿਸ਼ਾਲ ਅਭਿਆਸ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ । ਉਨ੍ਹਾਂ ਐਨ.ਜੀ.ਓ. ਨੂੰ ਭਵਿੱਖ ਵਿੱਚ ਅਜਿਹੇ ਨੇਕ ਕਾਰਜਾਂ ਵਿੱਚ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਤਾਂ ਜੋ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਮਾਤਾ-ਪਿਤਾ ਨੂੰ ਕੋਵਿਡ ਵਾਇਰਸ ਤੋਂ ਸੁਰੱਖਿਅਤ ਬਣਾਉਣ ਲਈ ਕੈਂਪਾਂ ਵਿੱਚ ਵੈਕਸੀਨੇਸ਼ਨ ਲਈ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਜੀ.ਓ.ਦੇ ਪ੍ਰਧਾਨ ਸੰਜੀਵ ਥਮਣ ਵੱਲੋਂ ਸੰਸਥਾ ਦੁਆਰਾ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚੋਂ ਬਾਹਰ ਕੱਢਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਜਾਣੂੰ ਕਰਵਾਇਆ ਗਿਆ।