ਪਠਾਨਕੋਟ 20 ਅਪ੍ਰੈਲ (ਨਿਊਜ਼ ਹੰਟ)- ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਅੱਜ ਜਿਲ੍ਹਾ ਪਠਾਨਕੋਟ ਵਿੱਚ ਕਿਸਾਨੀ ਨਾਲ ਜੂੜੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਲਈ ਯੂ ਟਿਊਬ ਚੈਨਲ ਮੇਰੀ ਖੇਤੀ ਮੇਰਾ ਮਾਣ ਲਾਂਚ ਕੀਤਾ। ਜਿਕਰਯੋਗ ਹੈ ਕਿ ਵਿਭਾਗ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸਰ ਪਠਾਨਕੋਟ, ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਗੁਰਵਿੰਦਰ ਸਿੰਘ ਮੱਛੀ ਪਾਲਣ ਅਫਸਰ ਪਠਾਨਕੋਟ, ਡਾ. ਸੁਮੇਸ ਪਸੁ ਪਾਲਣ ਵਿਭਾਗ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਵਿਕਰਾਂਤ ਧਵਨ ਡਿਪਟੀ ਪੀ.ਡੀ. (ਆਤਮਾ), ਡਾ. ਸੁਖਪ੍ਰੀਤ ਸਿੰਘ ਡਿਪਟੀ ਪੀ.ਡੀ. (ਆਤਮਾ) , ਪਵਨਦੀਪ ਥਾਪਾ ਜੂਨੀਅਰ ਟੈਕਨੀਸੀਅਨ(ਇੰਜੀਨਿਰਿੰਗ ਵਿੰਗ), ਪ੍ਰਭਜੋਤ ਸਿੰਘ ਏ.ਟੀ.ਐਮ. ਆਦਿ ਹਾਜਰ ਸਨ।
ਇਸ ਮੋਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਅਪਣੇ ਸੰਬੋਧਨ ਚੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ । ਜਿਲ੍ਹਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਵਿਸੇਸ ਮੁਹਿੰਮ ਸੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਤਕਨੀਕ ਅਪਨਾਉਂਣ ਨਾਲ ਕੱਦੂ ਕਰਕੇ ਲਗਾਏ ਝੋਨੇ ਨਾਲ ਬਹੁਤ ਫਾਇਦੇ ਹਨ ਜਿਵੇਂ ਕਿ 15-20% ਪਾਣੀ ਦੀ ਬਚਤ ਹੁੰਦੀ ਹੈ, ਮਜਦੂਰੀ ਦੀ ਬਚਤ ਹੁੰਦੀ ਹੈ, ਭੂਮੀਗਤ ਪਾਣੀ ਦਾ 10-12% ਜਿਆਦਾ ਰੀਚਾਰਜ ਹੁੰਦਾ ਹੈ, ਫਸਲ ਨੂੰ ਬੀਮਾਰੀਆਂ ਘੱਟ ਲਗਦੀਆਂ ਹਨ, ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ ਹੋ ਜਾਂਦਾ ਹੈ, ਖੇਤ ਜਲਦੀ ਵਿਹਲਾ ਹੋ ਜਾਂਦਾ ਹੈ ਅਤੇ ਅਗਲੀ ਫਸਲ ਲਈ ਖੇਤ ਤਿਆਰ ਕਰਨਾ ਸੌਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2022-23 ਦੌਰਾਨ ਜਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਚਲਾਈ ਜਾਣ ਵਾਲੀ ਮੁਹਿੰਮ ਤਹਿਤ ਯੂ-ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ ਸੁਰੂ ਕੀਤਾ ਗਿਆ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਚੈਨਲ ਨੂੰ ਸਬਸਕਰਾਈਬ ਕਰੋ ਅਤੇ ਵੱਧ ਤੋਂ ਵੱਧ ਸੇਅਰ ਕਰੋ ਤਾ ਜੋ ਖੇਤੀਬਾੜੀ ਨਾਲ ਸਬੰਧਤ ਆਧੁਨਿਕ ਜਾਣਕਾਰੀ ਕਿਸਾਨ ਤੱਕ ਪਹੁੰਚ ਸਕੇ।