ਹੁਸ਼ਿਆਰਪੁਰ,ਜਨਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਚੋਣ ਡਿਊਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ’ਤੇ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀ ਤੇ ਕਰਮਚਾਰੀ ਖਿਲਾਫ਼ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਰਿਹਰਸਲ ਵਿਚ ਗੈਰ ਹਾਜ਼ਰ ਰਹੇ ਅਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਨਾ ਦੇਣ ਵਾਲੇ 71 ਕਰਮਚਾਰੀਆਂ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਸਬੰਧ ਵਿਚ ਸੰਬਧਤ ਵਿਭਾਗ ਮੁਖੀਆਂ ਨੁੰ ਪਹਿਲਾਂ ਹੀ ਸਿਫਾਰਸ਼ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਚੋਣਾਂ ਸਭ ਤੋਂ ਅਹਿਮ ਪ੍ਰਕਿਰਿਆ ਹਨ, ਜਿਸ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਇਸ ਸਮੇਂ ਡਿਊਟੀ ’ਤੇ ਹਾਜ਼ਰ ਨਾ ਹੋਣਾ ਪੂਰੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ’ਤੇ ਬੂਰਾ ਪ੍ਰਭਾਵ ਪਾਉਣ ਵਾਲੀ ਕੋਈ ਵੀ ਕਾਰਵਾਈ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਚੋਣਾਂ ਕਰਵਾਉਣ ਵਿਚ ਪੋÇਲੰਗ ਤੇ ਕਾਊਂਟਿੰਗ ਸਟਾਫ਼ ਦੀ ਮਹੱਤਵਪੂਰਨ ਭੂਮਿਕਾ ਹੈ, ਇਸ ਲਈ ਚੋਣ ਡਿਊਟੀ ਵਿਚ ਲੱਗਾ ਸਟਾਫ਼ ਜ਼ਿੰਮੇਵਾਰੀ ਅਤੇ ਗੰਭੀਰਤਾ ਨਾਲ ਆਪਣੀ ਡਿਊਟੀ ਨਿਭਾਵੇ।
ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੀ ਟੈਸਟਿੰਗ ਰਿਪੋਰਟ ਸਰਕਾਰੀ ਸਿਹਤ ਕੇਂਦਰਾਂ/ਲੈਬ ਵਾਲੀ ਹੀ ਯੋਗ ਮੰਨੀ ਜਾਵੇਗੀ। ਇਸ ਲਈ ਜਿਸ ਅਧਿਕਾਰੀ ਤੇ ਕਰਮਚਾਰੀ ਦੀ ਕੋਵਿਡ ਰਿਪੋਰਟ ਪਾਜੀਟਿਵ ਆਉਂਦੀ ਹੈ, ਤਾਂ ਉਹ ਸਰਕਾਰੀ ਸਿਹਤ ਕੇਂਦਰ ਵਾਲੀ ਰਿਪੋਰਟ ਸਬੰਧਤ ਅਧਿਕਾਰੀ ਨੂੰ ਸੌਂਪਣ। ਉਨ੍ਹਾਂ ਕਿਹਾ ਕਿ ਜੇਕਰ ਰਿਪੋਰਟ ਫੇਕ ਪਾਈ ਗਈ ਤਾਂ ਜਿਥੇ ਸਬੰਧਤ ਲੈਬ ਦਾ ਲਾਇਸੰਸ ਰੱਦ ਕਰਕੇ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ ਉਥੇ ਜਾਅਲੀ ਰਿਪੋਰਟ ਪ੍ਰਾਪਤ ਕਰਨ ਵਾਲੇ ਕਰਮਚਾਰੀ ਦੇ ਖਿਲਾਫ਼ ਵੀ ਐਫ.ਆਈ.ਆਰ. ਦਰਜ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਲੈਬ ਦੀ ਟੈਸਟਿੰਗ ਰਿਪੋਰਟ ਸਵੀਕਾਰ ਨਹੀਂ ਕੀਤੀ ਜਾਵੇਗੀ।