ਹੁਸ਼ਿਆਰਪੁਰ, 19 ਜਨਵਰੀ (ਨਿਊਜ਼ ਹੰਟ)- ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਆਈਲੈਟਸ ਦੀ ਪ੍ਰੀਖਿਆ ਨੂੰ ਮੁੱਖ ਰੱਖਦਿਆਂ ਸ਼ਰਤਾਂ ਸਮੇਤ ਜ਼ਿਲ੍ਹੇ ਵਿੱਚ ਰਜਿਸਟਰਡ ਆਈਲੈਟਸ ਸੈਂਟਰ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਜਾਰੀ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਐਜੂਕੇਸ਼ਨ ਪ੍ਰੋਵਾਈਡਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਵੱਲੋ ਮੰਗ ਕੀਤੀ ਗਈ ਹੈ ਕਿ ਉਹ ਵਿਦਿਆਰਥੀ ਜੋ 20 ਅਤੇ 29 ਜਨਵਰੀ 2022 ਨੂੰ ਆਈਲੈਟਸ ਦੀ ਪ੍ਰੀਖਿਆ ਬੁੱਕ ਕਰ ਚੁੱਕੇ ਹਨ ਉਨ੍ਹਾਂ ਨੂੰ ਇੰਸਟੀਚਿਊਟ ਬੰਦ ਹੋਣ ਕਾਰਨ ਪੜ੍ਹਾਈ ਵਿੱਚ ਰੁਕਾਵਟ ਆ ਰਹੀ ਹੈ । ਸੰਸਥਾ ਦੇ ਪ੍ਰਧਾਨ ਦੀ ਮੰਗ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ ਅਤੇ ਸਟਾਫ਼ ਜਿਨ੍ਹਾਂ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੈ, ਉਨ੍ਹਾਂ ਨੂੰ ਆਈਲੈਟਸ ਸੈਂਟਰ ਵਿੱਚ ਆਉਣ ਦੀ ਅਗਿਆ ਦਿੱਤੀ ਜਾਵੇ । ਵਰਨਣਯੋਗ ਹੈ ਕਿ ਜ਼ਿਲੇ ‘ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲਾ ਮੈਜਿਸਟ੍ਰੇਟ ਵੱਲੋਂ 25 ਜਨਵਰੀ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਜ਼ਿਲ੍ਹਾ ਮੈਜਿਸਟਰੇਟ ਵੱਲੋ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀਆਂ ਰਜਿਸਟਰਡ ਸੰਸਥਾਵਾਂ ਨੂੰ ਹੁਣ ਸ਼ਰਤਾਂ ਸਮੇਤ ਕਲਾਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਆਈਲੈਟਸ ਕੇਂਦਰਾਂ ਨੂੰ ਦਿੱਤੀ ਗਈ ਢਿੱਲ ਦੇ ਤਹਿਤ, ਉਨ੍ਹਾਂ ਲਈ ਕੁਝ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ, ਜਿਸ ਵਿੱਚ ਸੰਸਥਾ ਅਥਾਰਟੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੋ ਸਮੂਹਾਂ ਵਿੱਚ ਬੁਲਾਏਗੀ, ਯਾਨੀ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ। ਹਰੇਕ ਗਰੁੱਪ ਵਿੱਚ ਵੱਧ ਤੋਂ ਵੱਧ 50 ਫੀਸਦੀ ਵਿਦਿਆਰਥੀਆਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਸੰਸਥਾ ਦੇ ਅਧਿਕਾਰੀ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਇੰਸਟੀਚਿਊਟ ਅਥਾਰਟੀ ਦਿਨ ਵਿੱਚ ਦੋ ਵਾਰ ਇੰਸਟੀਚਿਊਟ ਨੂੰ ਸੈਨੀਟਾਈਜ਼ ਕਰਨਾ ਯਕੀਨੀ ਬਣਾਏਗੀ। ਇਸ ਤੋਂ ਇਲਾਵਾ, ਸੰਸਥਾ ਵਿਚ ਹਰ ਕੋਈ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਏਗਾ। ਇੰਸਟੀਚਿਊਟ ਅਥਾਰਟੀ ਸਿਰਫ਼ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਹੀ ਇਜਾਜ਼ਤ ਦੇਵੇਗੀ ਜਿਨ੍ਹਾਂ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੈ। ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਧਾਰਾ 188 ਤਹਿਤ ਕਾਰਵਾਈ ਕਰਨ ਤੋਂ ਇਲਾਵਾ ਆਫ਼ਤ ਪ੍ਰਬੰਧਨ 2005 ਦੀ ਧਾਰਾ 91 ਤੋਂ 60 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।