ਜਲੰਧਰ, 10 ਸਤੰਬਰ ( ਨਿਊਜ਼ ਹੰਟ )- ਡਾਇਰੈਕਟਰ ਬਾਗਬਾਨੀ, ਪੰਜਾਬ ਡਾ. ਗੁਲਾਬ ਸਿੰਘ ਗਿੱਲ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਜਲੰਧਰ ਵਿਖੇ ਬਾਗਬਾਨੀ ਵਿਭਾਗ ਅਧੀਨ ਦਫ਼ਤਰ ਅਤੇ ਸਰਕਾਰੀ ਯੂਨਿਟਾਂ ਵਿਖੇ ਸਰਕਾਰੀ ਆਲੂ ਬੀਜ ਫਾਰਮ, ਮਲੂਸੀਆਂ, ਸਰਕਾਰੀ ਬਾਗ ਤੇ ਨਰਸਰੀ, ਜਲੰਧਰ ਕੈਂਟ, ਬੀੜ ਫਿਲੌਰ ਅਤੇ ਥਲਾ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਯੂਨਿਟਾਂ ਦੇ ਇੰਚਾਰਜਾਂ ਨੂੰ ਆਪੋ-ਆਪਣੇ ਯੂਨਿਟਾਂ ‘ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਹੋਰ ਵੱਧ ਤੋਂ ਵੱਧ ਬਾਗਬਾਨੀ ਨਾਲ ਸਬੰਧਤ ਨਵੀਆਂ ਤਕਨੀਕਾਂ ਅਤੇ ਪੀ.ਏ.ਯੂ., ਲੁਧਿਆਣਾ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਰਾਹੀਂ ਸੋਧਣ ਦੇ ਨਾਲ-ਨਾਲ ਸਰਕਾਰੀ ਆਮਦਨ ਵਿੱਚ ਹੋਰ ਵਾਧਾ ਕਰਨ ਸਬੰਧੀ ਸੁਝਾਅ ਦਿੱਤੇ।
ਇਸ ਉਪਰੰਤ ਉਨ੍ਹਾਂ ਵੱਲੋਂ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ, ਜਲੰਧਰ ਵਿਖੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਬਾਗਬਾਨਾਂ/ਕਿਸਾਨਾਂ ਨੂੰ ਖੇਤੀ/ਬਾਗਾਂ ਨਾਲ ਸਬੰਧਤ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਸਬੰਧਤ ਕਿਸਾਨਾਂ/ਬਾਗਬਾਨਾਂ ਨੂੰ ਇਨ੍ਹਾਂ ਮੁਸ਼ਕਿਲਾਂ ਸਬੰਧੀ ਸੁਝਾਅ ਦਿੱਤੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਡਿਪਟੀ ਡਾਇਰੈਕਟਰ ਬਾਗਬਾਨੀ, ਡਾ. ਸੁਖਦੀਪ ਸਿੰਘ ਹੁੰਦਲ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ, ਕਪੂਰਥਲਾ ਡਾ. ਲਾਲ ਬਹਾਦਰ ਦਮਾਥੀਆ ਨੇ ਸਾਰਿਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਵਿੱਚ ਬਾਗਬਾਨੀ ਦੀ ਮੌਜੂਦਾ ਸਥਿਤੀ ਬਾਰੇ ਜਾਣੂੰ ਕਰਵਾਇਆ।
ਇਸ ਮੌਕੇ ਮੱਖੀ ਪਾਲਕ ਸਰਵਨ ਸਿੰਘ ਚੰਦੀ, ਸਬਜ਼ੀ ਕਿਸਾਨ ਲਖਵਿੰਦਰ ਸਿੰਘ, ਬਾਗਬਾਨ ਅਜੀਤ ਸਿੰਘ ਔਜਲਾ, ਬਾਗਬਾਨ ਅਮਰਦੀਪ ਸਿੰਘ ਅਤੇ ਸਰਬਜੀਤ ਸਿੰਘ ਸਮੇਤ ਤਕਰੀਬਨ 20 ਕਿਸਾਨ/ਬਾਗਬਾਨ ਮੌਜੂਦ ਸਨ।
ਮੀਟਿੰਗ ਦੌਰਾਨ ਇਨ੍ਹਾਂ ਕਿਸਾਨਾਂ/ਬਾਗਬਾਨਾਂ ਵੱਲੋਂ ਮੁੱਖ ਤੌਰ ‘ਤੇ ਬਾਗਬਾਨੀ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਵਿਵਸਥਾ, ਪ੍ਰੋਟੈਕਟਿਡ ਕਲਟੀਵੇਸ਼ਨ ਦੇ ਢਾਂਚੇ ਦੀ ਮੁਰੰਮਤ ਦੀ ਵਿਵਸਥਾ/ਵਿੱਤੀ ਸਹਾਇਤਾ, ਸਬਸੀਡਾਈਜ਼ਡ ਐਗਰੋਕੈਮੀਕਲਜ਼ ਅਤੇ ਪਲਾਸਟਿਕ
ਕਰੇਟਾਂ ਦੀ ਉਪਲੱਬਧੀ, ਟੈਸਟਿੰਗ ਲੈਬੋਰੇਟਰੀਜ਼, ਸਾਰੇ ਫਲਦਾਰ ਬੂਟਿਆਂ ਦੀ ਲਿਫਾਫਿਆਂ ਵਿੱਚ ਉਪਲਬੱਧੀ, ਬੀਜ ਆਲੂ ਦੀਆਂ ਕੀਮਤਾਂ ਆਦਿ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿੱਚ ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ.ਦਮਨਦੀਪ ਸਿੰਘ (ਪ੍ਰਾਜੈਕਟ ਅਫ਼ਸਰ, ਸੀ.ਈ.ਪੀ., ਧੋਗੜੀ), ਡਾ. ਦਲਜੀਤ ਸਿੰਘ ਗਿੱਲ (ਪ੍ਰਾਜੈਕਟ ਅਫ਼ਸਰ, ਸੀ.ਈ.ਵੀ., ਕਰਤਾਰਪੁਰ), ਡਾ. ਪ੍ਰਿਤਪਾਲ ਸਿੰਘ (ਬਾਗਬਾਨੀ ਵਿਕਾਸ ਅਫ਼ਸਰ, ਸ਼ਾਹਕੋਟ), ਡਾ.ਚਤੁਰਜੀਤ ਸਿੰਘ (ਬਾਗਬਾਨੀ ਵਿਕਾਸ ਅਫ਼ਸਰ, ਰੋਪੜ) ਅਤੇ ਡਾ. ਸੁਖਬੀਰ ਸਿੰਘ (ਬਾਗਬਾਨੀ ਵਿਕਾਸ ਅਫ਼ਸਰ, ਜਲੰਧਰ) ਮੌਜੂਦ ਸਨ।