ਜਲੰਧਰ, 8 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਬਜ਼ੀਆਂ ਦੇ ਵਧੀਆ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੁੱਚੇ ਰਾਜ ਲਈ 60000 ਸਬਜ਼ੀ ਦੇ ਬੀਜ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਆਪਣੇ ਪਰਿਵਾਰ ਲਈ ਸਬਜ਼ੀ ਆਪ ਪੈਦਾ ਕਰ ਸਕਣ।
ਇਹ ਜਾਣਕਾਰੀ ਡਾਇਰੈਕਟਰ ਬਾਗਬਾਨੀ, ਪੰਜਾਬ ਡਾ. ਗੁਲਾਬ ਸਿੰਘ ਗਿੱਲ ਨੇ ਘਰੇਲੂ ਬਗੀਚੀ ਲਈ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਰਿਲੀਜ਼ ਕਰਨ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਲੋਕਾਂ ਨੂੰ ਵਧੀਆ ਕਿਸਮ ਦੇ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
ਇਸ ਮੌਕੇ ਡਾ. ਸੁਖਦੀਪ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਨੋਡਲ ਅਫ਼ਸਰ, ਘਰੇਲੂ ਬਗੀਚੀ, ਪੰਜਾਬ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰ ਕੇ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 300 ਗ੍ਰਾਮ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਾ. ਹਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ-ਕਮ-ਨੋਡਲ ਅਫ਼ਸਰ ਸਬਜ਼ੀ ਬੀਜ ਕਿੱਟ ਨੇ ਦੱਸਿਆ ਕਿ ਇਸ ਕਿੱਟ ਵਿੱਚ 9 ਕਿਸਮ ਦੇ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਪ੍ਰਮਾਣਿਤ ਕਿਸਮ ਦੇ ਬੀਜ ਹਨ।ਬਾਗਬਾਨੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਕਿੱਟ ਵਿੱਚ ਮੇਥੀ, ਪਾਲਕ, ਧਨੀਆ, ਬਰੋਕਲੀ, ਮੂਲੀ, ਗਾਜਰ, ਸ਼ਲਗਮ, ਸਰ੍ਹੋਂ, ਸਾਗ ਆਦਿ ਦੇ ਵਧੀਆ ਕਿਸਮ ਦੇ ਬੀਜ ਪਾਏ ਗਏ ਹਨ, ਜੋ 6 ਮਰਲਿਆਂ ਵਿੱਚ ਬੀਜੇ ਜਾ ਸਕਦੇ ਹਨ ਅਤੇ 7-8 ਜੀਆਂ ਦਾ ਪਰਿਵਾਰ ਸਬਜ਼ੀ ਪੈਦਾ ਕਰ ਕੇ ਖਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਟ ਦੀ ਬਹੁਤ ਹੀ ਵਾਜਬ ਕੀਮਤ 90 ਰੁਪਏ ਰੱਖੀ ਗਈ ਹੈ।
ਡਾ. ਲਾਲ ਬਹਾਦਰ ਦਮਾਥੀਆ, ਸਹਾਇਕ ਡਾਇਰੈਕਟਰ ਬਾਗਬਾਨੀ, ਜਲੰਧਰ ਨੇ ਦੱਸਿਆ ਕਿ ਇਹ ਕਿੱਟਾਂ ਸਮੁੱਚੇ ਰਾਜ ਵਿੱਚ ਬਾਗਬਾਨੀ ਵਿਭਾਗ ਦੇ ਦਫ਼ਤਰਾਂ ਅਤੇ ਜ਼ਿਲ੍ਹਾ ਜਲੰਧਰ ਅਧੀਨ ਸਰਕਲ ਦੇ ਦਫ਼ਤਰਾਂ ਸ਼ਾਹਕੋਟ, ਭੋਗਪੁਰ, ਜਲੰਧਰ, ਫਿਲੌਰ ਅਤੇ ਨਕੋਦਰ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਵੀ ਹਾਜ਼ਰ ਸਨ।