ਪਠਾਨਕੋਟ , 19 ਅਗਸਤ ( ਨਿਊਜ਼ ਹੰਟ )- ਡਿਜੀਟਲ ਪੰਜਾਬ’ ਤਹਿਤ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਵਰਚੂਅਲ ਸਮਾਗਮ ਦੌਰਾਨ ‘ਏਕੀਕ੍ਰਿਤ ਰਾਜ ਹੈਲਪਲਾਈਨ 1100’ ਅਤੇ ‘ਏਕੀਕ੍ਰਿਤ ਰਾਜ ਦਾਖ਼ਲਾ ਪੋਰਟਲ’ ਦਾ ਆਗਾਜ਼ ਕੀਤਾ ਗਿਆ। ਇਸ ਵਰਚੂਅਲ ਸਮਾਗਮ ਨੂੰ ਸੂਬੇ ਭਰ ਵਿਚ ਹਜ਼ਾਰਾਂ ਥਾਵਾਂ ਨਾਲ ਲਾਈਵ ਜੋੜਿਆ ਗਿਆ, ਜਿਸ ਵਿਚ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਅਧਿਕਾਰੀਆਂ, ਕਾਲਜਾਂ ਦੇ ਅਧਿਆਪਕਾਂ ਅਤੇ ਹੋਰਨਾਂ ਮੋਹਤਬਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਪਠਾਨਕੋਟ ਵਿਖੇ ਵੀ ਵੱਖ-ਵੱਖ ਥਾਵਾਂ ’ਤੇ ਅਤੇ ਜਿਲ੍ਹਾ ਪੱਧਰੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਵਰਚੂਅਲ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ, ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸਿਕਾਇਤਾਂ, ਅਨਿਲ ਦਾਰਾ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ, ਕਾਰਤਿਕ ਵਡੈਹਰਾ ਵਾਈਸ ਚੇਅਰਮੈਨ ਪੰਜਾਬ ਇੰਨਫਰਮੇਸ਼ਨ ਟੈਕਨਾਲਜੀ ਕਾਰਪੋਰਸ਼ੇਨ, ਬਲਦੇਵ ਰਾਜ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਰੂਬਲ ਸੈਣੀ ਈ ਗਵਰਨਸ ਪਠਾਨਕੋਟ ਕੋਆਰਡੀਨੇਟਰ , ਸੁਰੇਸ ਕੁਮਾਰ ਜਿਲ੍ਹਾ ਡੀ.ਐਮ. ਸੇਵਾ ਕੇਂਦਰ ਪਠਾਨਕੋਟ, ਵਰੁਣ ਕੁਮਾਰ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਸ੍ਰੀ ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਕਿਹਾ ਕਿ ‘ਡਿਜੀਟਲ ਪੰਜਾਬ’ ਵੱਲ ਨਿਵੇਕਲੀ ਪਹਿਲਕਦਮੀ ਤਹਿਤ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਮਹੱਤਵਪੂਰਨ ਸੇਵਾਵਾਂ ਨਾਲ ਨਾਗਰਿਕਾਂ ਦਾ ਜੀਵਨ ਕਈ ਪੱਖਾਂ ਤੋਂ ਆਸਾਨ ਬਣੇਗਾ ਅਤੇ ਇਨ੍ਹਾਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇਕ ਫੋਨ ਕਾਲ ਜਾਂ ਕੇਵਲ ਬਟਨ ’ਤੇ ਕਲਿੱਕ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਇਹ ਸੇਵਾਵਾਂ ਨਾਗਰਿਕਾਂ ਲਈ ਵਰਦਾਨ ਸਿੱਧ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਅੱਜ ਸ਼ੁਰੂ ਕੀਤੀ ਗਈ ਏਕੀਕ੍ਰਿਤ ਰਾਜ ਹੈਲਪਲਾਈਨ ‘1100’ ਸਰਕਾਰ ਤੱਕ ਗ਼ੈਰ-ਐਮਰਜੈਂਸੀ ਸੇਵਾਵਾਂ ਲਈ ਪਹੁੰਚ ਬਣਾਉਣ ਹਿੱਤ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਏਕੀਕ੍ਰਿਤ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਇਹ ਇਕ ਕੇਂਦਰੀਕ੍ਰਿਤ ਪਲੇਟਫਾਰਮ ਹੈ, ਜਿਸ ਰਾਹੀਂ ਜਿਥੇ ਸ਼ਿਕਾਇਤਾਂ ਦੀ ਆਨਲਾਈਨ ਅਸਲ ਜਾਣਕਾਰੀ ਮਿਲੇਗੀ, ਉਥੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੁਅਲ ਫ਼ਾਈਲ ਪ੍ਰੋਸੈਸਿੰਗ ਦਾ ਖ਼ਾਤਮਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਰਕਾਰੀ ਕਾਲਜਾਂ ਵਿਚ ਦਾਖ਼ਲੇ ਲਈ ਸ਼ੁਰੂ ਕੀਤੇ ਗਏ ‘ਏਕੀਕ੍ਰਿਤ ਦਾਖ਼ਲਾ ਪੋਰਟਲ’ ਨਾਲ ਸਰਕਾਰੀ ਕਾਲਜਾਂ ਲਈ ਇਕ ਪਲੇਟਫਾਰਮ ਮੁਹੱਈਆ ਹੋਇਆ ਹੈ, ਜੋ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਲਜਾਂ ਵਿਚ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਪਾਰਦਰਸ਼ੀ ਢੰਗ ਨਾਲ ਸੰਪਰਕ ਰਹਿਤ ਦਾਖ਼ਲੇ ਦੀ ਸਹੂਲਤ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਜ਼ਰੀਏ ਸਰਕਾਰੀ ਕਾਲਜਾਂ ਵਿਚ ਸੀਟਾਂ ਦੀ ਉਪਲਬਧੱਤਾ, ਕੋਰਸਾਂ ਅਤੇ ਫੀਸਾਂ ਆਦਿ ਬਾਰੇ ਘਰ ਬੈਠਿਆਂ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਰਾਹੀਂ ਬਿਨਾਂ ਕਿਸੇ ਨਿੱਜੀ ਮੌਜੂਦਗੀ ਅਤੇ ਬਿਨਾਂ ਕਿਸੇ ਨਿੱਜੀ ਦਸਤਾਵੇਜ਼ ਤਸਦੀਕੀਕਰਨ ਦੇ ਇਕ ਸਾਂਝੇ ਦਾਖ਼ਲਾ ਫਾਰਮ ਰਾਹੀਂ ਦਾਖ਼ਲਾ ਪ੍ਰ੍ਰਕਿਰਿਆ ਬੜੀ ਆਸਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਚ ਡਿਜੀਲਾਕਰ ਲਿੰਕਿੰਗ, ਫ਼ੀਸ ਵਿੱਚ ਛੋਟ, ਅੰਸ਼ਕ ਭੁਗਤਾਨ ਦੀ ਵਿਵਸਥਾ ਆਦਿ ਦੀ ਸਹੂਲਤ ਤੋਂ ਇਲਾਵਾ ਸਾਰੇ ਰੈਗੂਲਰ ਅਤੇ ਸਵੈ-ਵਿੱਤ ਵਾਲੇ ਕੋਰਸਾਂ ਨੂੰ ਕਵਰ ਕੀਤਾ ਗਿਆ ਹੈ।