ਹੁਸ਼ਿਆਰਪੁਰ, 12 ਜੂਨ ( ਨਿਊਜ਼ ਹੰਟ ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ ਦੇ ਮੁਸ਼ਕਲ ਦੌਰ ਵਿੱਚ ਰੋਜ਼ਗਾਰ ਦੇ ਖੇਤਰ ਵਿੱਚ ਬੇਹਤਰੀਨ ਕਾਰਗੁਜਾਰੀ ਨਾਲ ਹੁਸ਼ਿਆਰਪੁਰ ਦਾ ਨਾਮ ਸੂਬੇ ਭਰ ਵਿੱਚ ਰੌਸ਼ਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਨੂੰ ਸਨਮਾਨਿਤ ਕੀਤਾ। ਸਨਮਾਨ ਵਜੋਂ ਉਨ੍ਹਾਂ ਦੋਨਾਂ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ ਤੇ ਜ਼ਿਲ੍ਹੇ ਦੇ ਨਾਮਵਰ ਸਰਵਿਸਜ਼ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਤਾਇਨਾਤ ਦੋਨਾਂ ਅਫ਼ਸਰਾਂ ਨੇ ਅਸਧਾਰਣ ਸੇਵਾਵਾਂ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੂੰ ਨਾ ਸਿਰਫ ਸੂਬੇ ਵਿੱਚ ਅਹਿਮ ਸਥਾਨ ਦਿਵਾਇਆ ਹੈ ਬਲਕਿ ਜ਼ਿਲ੍ਹੇ ਦੇ ਹੋਰ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਦਿਵਾ ਕੇ ਉਨ੍ਹਾਂ ਦਾ ਜੀਵਨ ਬਦਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਸਰਾਂ ਨੇ ਜ਼ਰੂਰਤਮੰਦ ਮਹਿਲਾਵਾਂ ਨੂੰ ਈ-ਰਿਕਸ਼ਾ ਦੇਣ, ਵੁਡ ਇਨ-ਲੇ ਵਰਕ ਦੇ ਕਲਾਕਾਰਾਂ ਲਈ ਆਈ.ਈ.ਸੀ. ਗਤੀਵਿਧੀਆਂ ਕਰਵਾਉਣ, ਨੌ ਬਲਾਕ ਪੱਧਰੀ ਰੋਜ਼ਗਾਰ ਮੇਲੇ ਆਯੋਜਿਤ ਕਰਨ, ਦਿਵਆਂਗਜਨਾਂ ਲਈ ਉਡਾਨ ਨਾਮ ਨਾਲ ਵਿਸ਼ੇਸ਼ ਰੋਜ਼ਗਾਰ ਮੇਲਾ ਆਯੋਜਿਤ ਕਰਨ, ਡੀ.ਬੀ.ਈ.ਈ. ਆਨਲਾਈਨ ਨਾਮ ਨਾਲ ਸੂਬੇ ਦਾ ਪਹਿਲਾ ਆਨਲਾਈਨ ਰੋਜ਼ਗਾਰ ਐਪ ਸ਼ੁਰੂ ਕਰਨ, ਪ੍ਰੋਜੈਕਟ ਮਿਸਟਰ ਕਲੀਨ ਵਰਗੀਆਂ ਹੋਰ ਕਈ ਮਹੱਤਵਪੂਰਨ ਗਤੀਵਿਧੀਆਂ ਨੂੰ ਚਲਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ।
ਅਪਨੀਤ ਰਿਆਤ ਨੇ ਕਿਹਾ ਕਿ ਰੋਜ਼ਗਾਰ ਉਤਪਤੀ ਵਿੱਚ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਦੀ ਦੂਰਦਰਸ਼ੀ ਸੋਚ, ਇਮਾਨਦਾਰੀ ਤੇ ਸਮਰਪਣ ਭਾਵਨਾ ਹੋਰ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੋਨਾਂ ਅਫ਼ਸਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਭਵਿੱਖ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਦੀ ਉਨਤੀ ਲਈ ਇਸ ਤਰ੍ਹਾਂ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਇਸ ਦੌਰਾਨ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਨੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਹੌਂਸਲਾ ਅਫਜਾਈ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਪੂਰਨ ਸਮਰਪਣ ਅਤੇ ਲਗਨ ਨਾਲ ਵਿਭਾਗ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹਿਣਗੇ।