ਜਲੰਧਰ 06 ਸਤੰਬਰ ( ਨਿਊਜ਼ ਹੰਟ )- ਜ਼ਿਲ੍ਹਾ ਜਲੰਧਰ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਹੋਰ ਤੇਜ਼ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਅਹਿਮ ਸਕੀਮ ਤਹਿਤ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਿਆਉਣ ਲਈ ਘੱਟੋ-ਘੱਟ ਰੋਜ਼ਾਨਾ 2000 ਨਵੇਂ ਯੋਗ ਲਾਭਪਾਤਰੀਆਂ ਨੂੰ ਇਨਰੋਲ ਕੀਤਾ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਕੇਵਲ ਸਾਂਝੇ ਯਤਨਾਂ ਸਦਕਾ ਹੀ ਇਸ ਅਹਿਮ ਕੰਮ ਵਿੱਚ ਸਫ਼ਲਤਾ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਲੋਕ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਮਾਜਿਕ ਸੁਰੱਖਿਆ ਪ੍ਰਣਾਲੀ ਤਹਿਤ ਲਾਭ ਪਹੁੰਚਾਕੇ ਸਸ਼ਕਤ ਬਣਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਆਪਰੇਟਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਸਕੀਮ ਨੂੰ ਮਿਸ਼ਨ ਦੀ ਦਰਜ ’ਤੇ ਚਲਾਉਣ ਲਈ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਾਮਨ ਸਰਵਿਸ ਸੈਂਟਰਾਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਾਰੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਈ.ਓਜ਼, ਸਹਾਇਕ ਖ਼ੁਰਾਕ ਸਪਲਾਈ ਅਫ਼ਸਰਾਂ ਨੂੰ ਇਸ ਟੀਚੇ ਨੂੰ ਹਾਸਿਲ ਕਰਨ ਲਈ ਸ਼ਾਮਿਲ ਕਰਦਿਆਂ ਨਿੱਜੀ ਤੌਰ ’ਤੇ ਇਸ ਸਕੀਮ ਤਹਿਤ ਪ੍ਰਗਤੀ ਦੀ ਦੇਖ ਰੇਖ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਯੋਗ ਲਾਭਪਾਤਰੀਆਂ ਨੂੰ ਇਨਰੋਲ ਕਰਨ ਲਈ ਉਸਾਰੀ ਅਧੀਨ ਜਾ ਪੀ.ਡੀ.ਐਸ. ਵੰਡ ਥਾਵਾਂ ’ਤੇ ਮੋਬਾਇਲ ਕੈਂਪ ਲਗਾਏ ਜਾਣ।
ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਯੋਗ ਲਾਭਪਾਤਰੀ ਵੱਖ-ਵੱਖ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਇਸ ਟੀਚੇ ਨੂੰ ਹਾਸਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 200 ਦੇ ਕਰੀਬ ਕਾਮਨ ਸਰਵਿਸ ਸੈਂਟਰ ਹਨ ਅਤੇ ਇਨਾਂ ਵਿਚੋਂ ਹਰੇਕ ਵਲੋਂ ਕੀਤੇ ਯੋਗ ਉਪਰਾਲਿਆਂ ਸਦਕਾ ਰੋਜ਼ਾਨਾ 1000 ਇਨਰੋਲਮੈਂਟ ਅਤੇ ਈ ਕਾਰਡ ਜਨਰੇਟ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਰੇ 13 ਸਰਕਾਰੀ ਸਿਹਤ ਸੰਸਥਾਵਾਂ ਅਤੇ 57 ਪ੍ਰਾਈਵੇਟ ਹਸਪਤਾਲਾਂ ਜ਼ਿਲ੍ਹੇ ਵਿੱਚ ਸੂਚੀਬੱਧ ਕੀਤੇ ਗਏ ਹਨ ਜਿਥੇ ਯੋਗ ਲਾਭਪਾਤਰੀ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਕੈਸਲੈਸ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਚੀਬੱਧ ਹਸਪਤਾਲਾਂ ਅਤੇ ਯੋਗ ਲਾਭਪਾਤਰੀਆਂ ਦੀ ਪਾਤਰਤਾ ਵੈਬਸਾਈਟ www.sha.punjab.gov.in, ’ਤੇ ਵੇਖੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ 1579 ਸਿਹਤ ਪੈਕੇਜ ਦੇਣ ਦੀ ਪੇਸ਼ਕਸ ਹੈ ਜਿਸ ਵਿੱਚ 180 ਪੈਕੇਜ ਸਰਕਾਰੀ ਹਸਪਤਾਲਾਂ ਵਿੱਚ ਰਾਖਵੇ ਹਨ ਅਤੇ 25 ਨਿੱਜੀ ਹਸਪਤਾਲਾਂ ਨੂੰ ਰੈਫਰ ਕੀਤੇ ਜਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਤਹਿਤ ਇਨਰੋਲ ਹੋ ਕੇ ਲਾਭ ਉਠਾਉਣ ਅਤੇ ਸੇਵਾ ਕੇਂਦਰਾਂ ਵਿੱਚ ਸਿਰਫ਼ 30 ਰੁਪਏ ਦੀ ਫੀਸ ਅਦਾ ਕਰਕੇ ਈ ਕਾਰਡ ਜਨਰੇਟ ਕਰਵਾ ਸਕਦੇ ਹਨ।
ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕਾਂ, ਉਸਾਰੀ ਕਿਰਤੀਆਂ, ਜੇ ਫਾਰਮ ਧਾਰਕ ਕਿਸਾਨ, ਪੀਲੇ ਪ੍ਰੈਸ ਸ਼ਨਾਖਤੀ ਕਾਰਡ ਹੋਲਡਰਾਂ ਅਤੇ ਐਕਰੀਡੇਟਿਡ ਪੱਤਰਕਾਰਾਂ, ਕਿਰਤੀ, ਛੋਟੇ ਵਪਾਰੀਆਂ, ਸਾਰੇ ਪੀਐਮਜੇਏਵਾਈ (ਨੀਲੇ ਕਾਰਡ ਧਾਰਕ ਪਰਿਵਾਰਾਂ) ਨੂੰ ਲਿਆਂਦਾ ਗਿਆ ਹੈ । ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ਲਈ ਪੂਰਨ ਤੌਰ ’ਤੇ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਜਲ ਜੀਵਨ ਮਿਸ਼ਨ, ਪੀ.ਐਸ.ਏ.ਅਧਾਰਿਤ ਆਕਸੀਜਨ ਪਲਾਂਟ ਲਗਾਉਣ ਅਤੇ ਕਿਸਾਨ ਕਰਜ਼ਾ ਰਾਹਤ ਸਕੀਮ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਸਕੀਮਾਂ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਨਾਂ ਸਕੀਮਾਂ ਤਹਿਤ ਨਿਸ਼ਚਿਤ ਕੀਤੇ ਗਏ ਟੀਚਿਆਂ ਨੁੂੰ ਇਕ ਹਫ਼ਤੇ ਦੇ ਵਿੱਚ-ਵਿੱਚ ਪੂਰਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ, ਉਪ ਮੰਡਲ ਮੈਜਿਸਟਰੇਟ ਹਰਪ੍ਰੀਤ ਸਿੰਘ ਅਟਵਾਲ, ਬਲਬੀਰ ਰਾਜ ਸਿੰਘ, ਪੂਨਮ ਸਿੰਘ, ਲਾਲ ਵਿਸ਼ਵਾਸ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।