ਪਠਾਨਕੋਟ: 24 ਅਗਸਤ ( ਨਿਊਜ਼ ਹੰਟ )- ਮੌਸਮ ਬਦਲਾਅ ਨੂੰ ਦੇਖਦਿਆਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆ ਦੇ ਹਮਲੇ ਤੋਂ ਬਚਾਉਣ ਲਈ ਨਿਰੰਤਣ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਸਮੇਂ ਸਿਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕੀਤੀ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮਹਿੰਮ ਤਹਿਤ ਜ਼ਿਲਾ ਪਠਾਨਕੋਟ ਦੇ ਪਿੰਡ ਦਰਸ਼ੋਪੁਰ ਵਿੱਚ ਅਗਾਂਹ ਵਧੂ ਕਿਸਾਨ ਬਲਵੰਤ ਸਿੰਘ ਦੇ ਖੇਤਾਂ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਪ੍ਰੇਰਿਤ ਕਰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਤਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਮੋਹਣ ਸਿੰਘ,ਜੀਵਨ ਸਮੇਤ ਹੋਰ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ,ਉਨਾਂ ਖੇਤਾਂ ਵਿੱਚ ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 500 ਗ੍ਰਾਮ ਕਾਪਰ ਹਾਈਡਰੋਅਕਸਾਈਡ 46 ਡੀ ਐਫ ਜਾਂ 400 ਮਿਲੀ ਲੀਟਰ ਪਿਕੋਕਸੀਸਟ੍ਰੋਬਿਨ+ਪ੍ਰੋਪੀਕੋਨਾਜ਼ੋਲ ਨੂੰ 200 ਲੀਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਅਤੇ ਬਾਸਮਤੀ ਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੇਖਣ ਨੂੰ ਮਿਲਿਆ ਹੈ । ਉਨਾਂ ਕਿਹਾ ਕਿ ਇਸ ਰੋਗ ਕਾਰਨ ਪੱਤੇ ਉੱਤੇ ਸਲੇਟੀ ਤੋ ਹਰੇ ਰੰਗ ਦੀਆਂ ਧਾਰੀਆਂ (ਜਿੰਨਾਂ ਦੇ ਸਿਰੇ ਜਾਮਨੀ ਹੁੰਦੇ ਹਨ) ਪਾਣੀ ਦੀ ਸਤਾਹ ਤੋਂ ਉੱਪਰ ਪੈ ਜਾਂਦੀਆਂ ਹਨ,ਜੋ ਧਾਰੀਆਂ ਬਾਅਦ ਵਿੱਚ ਇੱਕ ਦੂਸਰੀ ਨਾਲ ਮਿਲ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸ ਬਿਮਾਰੀ 25% ਤੱਕ ਝੋਨੇ ਦੀ ਪੈਦਾਵਾਰ ਘਟਾ ਸਕਦੀ ਹੈ।
ਇਸ ਰੋਗ ਦੀ ਰੋਕਥਾਮ ਬਾਰੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਸਿਫਾਰਸ਼ਾਂ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੈ ਤਾਂ ਫਲੂਜੀਲਾਜੋਲ+ਕਾਰਬੈਂਡਾਜ਼ੋਲ 37.5 ਈ ਸੀ ਜਾਂ 80 ਗ੍ਰਾਮ ਨੈਟੀਵੋ -75 ਜਾਂ 200 ਮਿ.ਲੀ.ਮੋਨਸਰਨ ਡਬਲਿਯੂ ਜੀ ਜਾਂ 200 ਮਿ.ਲੀ.ਫੋਲੀਕਰ ਜਾਂ 200 ਮਿਲੀਲੀਟਰ ਐਮੀਸਟਾਰ ਟੌਪ 325 ਐਸ ਸੀ ਜਾਂ 200 ਮਿਲੀ ਲੀਟਰ ਪੈਨਸਾਈਕੂਰੋਨ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਬੂਟੇ ਦੇ ਮੁੱਢਾਂ ਵੱਲ ਗੋਲ ਨੋਜ਼ਲ ਨਾਲ ਛਿੜਕਾਅ ਕਰੋ, ਪਰ ਇਹ ਛਿੜਕਾਅ ਫਸਲ ਦੇ ਨਿਸਰਣ ਤੋਂ ਪਹਿਲਾਂ ਹੀ ਕੀਤੀ ਜਾਵੇ ਅਤੇ ਨਿਸਰਣ ਤੋਂ ਬਾਅਦ ਕਿਸੇ ਦਵਾਈ ਦਾ ਛਿੜਕਾਅ ਨਾਂ ਕਰੋ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਫੁੱਲ ਪੈਣ ਉਪਰੰਤ ਖੇਤ ਵਿੱਚ ਕਿਸੇ ਤਰਾਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ ਇਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਨਾਂ ਕੀਤਾ ਜਾਵੇ।