ਫਗਵਾੜਾ 16 ਜਨਵਰੀ (ਸ਼ਿਵ ਕੋੜਾ) ਸਰਕਾਰੀ ਪ੍ਰਾਈਮਰੀ ਸਕੂਲ ਬੇਗਮਪੁਰ ਤਹਿਸੀਲ ਫਗਵਾੜਾ ਦੇ ਜੰਗੀ ਪੱਧਰ ‘ਤੇ ਚਲ ਰਹੇ ਵਿਕਾਸ ਕਾਰਜਾਂ ‘ਚ ਯੋਗਦਾਨ ਪਾਉਂਦੇ ਹੋਏ ਅਮਰਨਾਥ ਵਾਸੀ ਬੇਗਮਪੁਰ ਨੇ 11 ਹਜਾਰ, ਬਲਾਕ ਸੰਮਤੀ ਮੈਂਬਰ ਪਵਨ ਸੋਨੂੰ ਨੇ ਪੰਜ ਹਜਾਰ ਅਤੇ ਰਾਜੂ ਰੋਇਲ ਸਟੂਡੀਓ ਬੇਗਮਪੁਰ ਨੇ ਆਪਣੀ ਨੇਕ ਕਮਾਈ ਵਿਚੋਂ 2100 ਰੁਪਏ ਦਾ ਯੋਗਦਾਨ ਪਾਉਂਦੇ ਹੋਏ ਇਸ ਰਕਮ ਦੀ ਨਗਦੀ ਤੇ ਚੈੱਕ ਕਮੇਟੀ ਚੇਅਰਮੈਨ ਅਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤੇ। ਉਕਤ ਦਾਨੀ ਸੱਜਣਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਇਸੇ ਸਕੂਲ ਤੋਂ ਪ੍ਰਾਪਤ ਕੀਤੀ ਹੈ ਜਿਸ ਕਰਕੇ ਸਕੂਲ ਪ੍ਰਤੀ ਉਹਨਾਂ ਦੇ ਦਿਲ ਵਿਚ ਬਹੁਤ ਸਤਿਕਾਰ ਹੈ। ਇਸ ਸਕੂਲ ਦੇ ਚਲ ਰਹੇ ਸਰਬ ਪੱਖੀ ਵਿਕਾਸ ਨੂੰ ਲੈ ਕੇ ਵੀ ਉਹਨਾਂ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਸਕੂਲ ਦੇ ਆਧੂਨਿਕ ਸੁਵਿਧਾ ਸੰਪਨ ਹੋਣ ਨਾਲ ਇੱਥੇ ਪੜਨ ਲਈ ਆਉਣ ਵਾਲੇ ਲੋੜਵੰਦ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ। ਉਹਨਾਂ ਆਪਣੇ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਸ ਸਮੇਂ ਸਕੂਲੀ ਇਮਾਰਤ ਦੀ ਹਾਲਤ ਬਹੁਤ ਹੀ ਖਸਤਾ ਸੀ ਅਤੇ ਸਹੂਲਤਾਂ ਵੀ ਬਹੁਤ ਘੱਟ ਸਨ। ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦਾਨੀ ਸੱਜਣਾਂ ਦਾ ਆਰਥਕ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਬਹੁਤ ਜਲਦੀ ਸਕੂਲ ਦੇ ਸਰਬ ਪੱਖੀ ਵਿਕਾਸ ਕਾਰਜਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਐਨ.ਆਰ.ਆਈ. ਜਸਬੀਰ ਰਿੰਕੂ, ਸਕੂਲ ਸਟਾਫ ਮੈਡਮ ਕ੍ਰਿਤਿਕਾ, ਪਰਮਜੀਤ ਪੰਮਾ, ਸੁਰਜੀਤ ਕੌਰ, ਇੰਦੂ ਆਦਿ ਹਾਜਰ ਸਨ।