ਜਲੰਧਰ, 22 ਜਨਵਰੀ (ਨਿਊਜ਼ ਹੰਟ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਸਾਂਝੇ ਤੌਰ ‘ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਥਾਣਾ ਫਿਲੌਰ ਤੇ ਬਿਲਗਾ ਦੇ ਮੰਡ ਇਲਾਕੇ ਵਿੱਚੋਂ 2 ਲੱਖ ਮਿਲੀ ਲਿਟਰ ਲਾਹਣ ਬਰਾਮਦ ਕਰਨ ਤੋਂ ਇਲਾਵਾ 6 ਲੱਖ ਮਿਲੀ ਲਿਟਰ ਲਾਹਣ ਬਰਾਮਦ ਕਰਕੇ ਨਸ਼ਟ ਕਰਵਾਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀ.ਐਸ.ਪੀ. ਫਿਲੌਰ ਹਰਲੀਨ ਸਿੰਘ ਤੇ ਡੀ.ਐਸ.ਪੀ. ਹਰਿੰਦਰ ਗਿੱਲ, ਈ.ਟੀ.ਓ. ਨੀਰਜ ਕੁਮਾਰ ਨੇ ਸਮੇਤ ਐਕਸਾਈਜ਼ ਟੀਮ, ਸਪੈਸ਼ਲ ਪੁਲਿਸ ਡਰੋਨ ਟੀਮ ਅਤੇ ਸਥਾਨਕ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਦੇ ਨਾਲ ਡਰੋਨ ਰਾਹੀਂ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਥਾਣਾ ਫਿਲੌਰ/ਬਿਲਗਾ ਦੇ ਮੰਡ ਇਲਾਕੇ ਵਿੱਚੋਂ 5-5 ਡਰੰਮ (ਕੁੱਲ 2 ਲੱਖ ਮਿਲੀ ਲਿਟਰ) ਲਾਹਣ ਬਰਾਮਦ ਕੀਤੀ ਗਈ ਅਤੇ 6 ਲੱਖ ਮਿਟੀ ਲੀਟਰ ਲਾਹਣ ਮੌਕੇ ‘ਤੇ ਨਸ਼ਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ 61,1 ਅਤੇ 14 ਤਹਿਤ ਥਾਣਾ ਫਿਲੌਰ ਅਤੇ ਬਿਲਗਾ ਵਿਖੇ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।
ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਾਜਾਇਜ਼ ਸ਼ਰਾਬ ਖਿਲਾਫ਼ ਮੁਹਿੰਮ ਜਾਰੀ ਰਹੇਗੀ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।