ਜਲੰਧਰ, 23 ਜਨਵਰੀ (ਨਿਊਜ਼ ਹੰਟ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿਹਾਤੀ ਪੁਲਿਸ ਅਤੇ ਆਬਕਾਰੀ ਟੀਮਾਂ ਨੇ ਸਮਾਜ ਵਿਰੋਧੀ ਅਨਸਰਾਂ ਤੇ ਨਾਜਾਇਜ਼ ਸ਼ਰਾਬ ਖਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਤਿੰਨ ਵੱਖ-ਵੱਖ ਥਾਵਾਂ ਤੋਂ 23,20000 ਮਿਲੀ ਲਿਟਰ ਲਾਹਣ, ਚਾਲੂ ਭੱਠੀ ਅਤੇ 11250 ਮਿਲੀ ਲਿਟਰ ਨਾਜਾਇਜ਼ ਸ਼ਰਾਬ ਸਮੇਤ ਹੋਰ ਸਮਾਨ ਬਰਾਮਦ ਕਰ ਕੇ ਇਕ ਔਰਤ ਸਣੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀ.ਐਸ.ਪੀ. ਜਸਬਿੰਦਰ ਸਿੰਘ, ਈ.ਟੀ.ਓ. ਜਸਪ੍ਰੀਤ ਸਿੰਘ, ਐਕਸਾਈਜ਼ ਇੰਸਪੈਕਟਰ ਰੇਸ਼ਮ ਲਾਲ ਤੇ ਰਵਿੰਦਰ ਸਿੰਘ ਨੇ ਸਮੇਤ ਆਬਕਾਰੀ ਟੀਮ, ਸਪੈਸ਼ਲ ਪੁਲਿਸ ਡਰੋਨ ਟੀਮ ਅਤੇ ਥਾਣਾ ਲੋਹੀਆਂ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟੀਮ ਵੱਲੋਂ ਥਾਣਾ ਲੋਹੀਆਂ ਅਧੀਨ ਪੈਂਦੇ ਪਿੰਡ ਚਾਚੋਵਾਲ, ਨਿਹਾਲੂਵਾਲ ਬਸਤੀ ਅਤੇ ਪਿੰਡ ਮੁਰੀਦਵਾਲ ਵਿੱਚੋਂ ਕੁੱਲ 23,20000 ਮਿਲੀ ਲਿਟਰ ਲਾਹਣ ਅਤੇ ਚਾਲੂ ਭੱਠੀ ਤੇ ਭੱਠੀ ਦਾ ਸਮਾਨ ਅਤੇ 15 ਬੋਤਲਾਂ (11250 ਮਿਲੀ ਲਿਟਰ) ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ ਇਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਤਪਾਤ ਅਤੇ ਕੁਲਵੀਰ ਕੌਰ ਪਤਨੀ ਸਤਪਾਲ ਦੋਵੇਂ ਵਾਸੀ ਚਾਚੋਵਾਲ ਥਾਣਾ ਲੋਹੀਆਂ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ਼ ਥਾਣਾ ਲੋਹੀਆਂ ਵਿਖੇ ਆਬਕਾਰੀ ਐਕਟ ਦੀ ਧਾਰਾ 61,01 ਅਤੇ 14 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਵਿੱਚ ਮੁਖਤਿਆਰ ਸਿੰਘ ਵਾਸੀ ਨਿਹਾਲੂਵਾਲ ਬਸਤੀ ਅਤੇ ਇਕ ਅਣਪਛਾਤੇ ਖਿਲਾਫ਼ ਥਾਣਾ ਲੋਹੀਆਂ ਵਿਖੇ ਆਬਕਾਰੀ ਐਕਟ ਦੀ ਧਾਰਾ 61,01 ਅਤੇ 14 ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਾਜਾਇਜ਼ ਸ਼ਰਾਬ ਵਿਰੁੱਧ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਗਏ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।