ਹੁਸ਼ਿਆਰਪੁਰ, 21 ਮਾਰਚ (ਨਿਊਜ਼ ਹੰਟ)- ਮਾਨਯੋਗ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿਚ ਬੇਟੀਆਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਲਈ ਅੱਜ ਮਹਿਲਾਵਾਂ ਵੱਧ ਚੜ੍ਹ ਕੇ ਸੈਨਾ, ਅਰਧ ਸੈਨਿਕ ਬਲਾਂ ਤੇ ਪੁਲਿਸ ਫੋਰਸ ਵਿਚ ਸ਼ਾਮਲ ਹੋ ਰਹੀਆਂ ਹਨ ਜੋ ਕਿ ਸਾਰਿਆਂ ਲਈ ਗੌਰਵ ਦਾ ਵਿਸ਼ਾ ਹੈ। ਉਹ ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ, ਖੜ੍ਹਕਾਂ ਕੈਂਪ ਵਿਚ ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਬਤੌਰ ਮੁੱਖ ਮਹਿਮਾਨ ਨਵੇਂ ਕਾਂਸਟੇਬਲਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਆਈ.ਜੀ. ਬੀ.ਐਸ.ਐਫ. ਖੜ੍ਹਕਾਂ ਕੈਂਪ ਸ੍ਰੀ ਮਧੂ ਸੂਦਨ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਾਲੇ ਵੀ ਮੌਜੂਦ ਸਨ।
ਮਾਨਯੋਗ ਰਾਜਪਾਲ ਨੇ ਮਹਿਲਾ ਨਵ ਕਾਂਸਟੇਬਲਾਂ ਦੀ ਆਤਮ ਵਿਸ਼ਵਾਸ਼, ਹੁਨਰ ਤੇ ਤਾਲਮੇਲ ਦੇ ਸ਼ਾਨਦਾਰ ਪ੍ਰਦਸ਼ਨ ਲਈ ਦਿਲੋਂ ਪ੍ਰਸ਼ੰਸਾ ਕੀਤੀ ਜੋ ਪਰੇਡ ਦੀ ਪਹਿਚਾਣ ਸੀ। ਉਨ੍ਹਾਂ ਬੀ.ਐਸ.ਐਫ. ਨੂੰ ਕੈਰੀਅਰ ਵਿਕਲਪ ਦੇ ਰੂਪ ਵਿਚ ਚੁਣਨ ਲਈ ਮਹਿਲਾ ਨਵ ਕਾਂਸਟੇਬਲਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਸਾਹਸ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਦੀ ਬੇਟੀਆਂ ਨੂੰ ਸੈਨਾ ਅਤੇ ਬੀ.ਐਸ.ਐਫ. ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਤਮ ਵਿਸ਼ਵਾਸ਼ੀ, ਅਨੁਸ਼ਾਸਤ ਅਤੇ ਕੁਸ਼ਲ ਮਹਿਲਾ ਗਾਰਡ ਨੂੰ ਢਾਲਣ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਯਤਨ ਲਈ ਆਈ.ਜੀ. ਬੀ.ਐਸ.ਐਫ. ਖੜ੍ਹਕਾਂ ਕੈਂਪ ਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਨਵ ਕਾਂਸਟੇਬਲਾਂ ਨੂੰ ਜੀਵਨ ਅਤੇ ਸੇਵਾਵਾਂ ਵਿਚ ਉਜਵਲ ਭਵਿੱਖ ਲਈ ਅਸ਼ੀਰਵਾਦ ਦਿੱਤਾ।
ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜ੍ਹਕਾਂ ਵਿਚ ਮਹਿਲਾ ਨਵ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਸਮਾਰੋਹ ਵਿਚ 451 ਮਹਿਲਾ ਨਵ ਕਾਂਸਟੇਬਲ (ਬੈਚ ਨੰਬਰ 253 ਤੇ 254) ਮਹਿਲਾ ਕਾਂਸਟੇਬਲ ਦੇ ਰੂਪ ਵਿਚ ਆਪਣੀ-ਆਪਣੀ ਵਾਹਨੀਆਂ ਵਿਚ ਸ਼ਾਮਲ ਹੋਣ ਲਈ ਪਾਸ ਆਊਟ ਹੋਈ। ਪਰੇਡ ਦੁਆਰਾ ਮੁੱਖ ਮਹਿਮਾਨ ਨੂੰ ਰਾਸ਼ਟਰੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਮੁੱਖ ਮਹਿਮਾਨ ਮਾਨਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚਿੰਗ ਕਾਲਮ ਤੋਂ ਸਲਾਮੀ ਲਈ। ਆਈ.ਜੀ. ਬੀ.ਐਸ.ਐਫ. ਖੜ੍ਹਕਾਂ ਕੈਂਪ ਸ੍ਰੀ ਮਧੂ ਸੂਦਨ ਸ਼ਰਮਾ ਨੇ ਰਾਜਪਾਲ ਪੰਜਾਬ ਦਾ ਖੜ੍ਹਕਾਂ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਂਸਟੇਬਲਾਂ ਨੂੰ 44 ਹਫਤਿਆਂ ਦੀ ਹਥਿਆਰ ਚਲਾਉਣ, ਮਨੋਵਿਗਿਆਨ, ਅਪਰਾਧ ਵਿਗਿਆਨ, ਡਰਿੱਲ, ਸਿਵਲ ਕਾਨੂੰਨ, ਕੁਦਰਤੀ ਆਪਦਾ, ਫਸਟ ਏਡ ਤੇ ਮਾਨਵ ਅਧਿਕਾਰ ਆਦਿ ਸਬੰਧੀ ਸਖਤ ਸਿਖਲਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ੍ਹਾਂ ਨਵ ਕਾਂਸਟੇਬਲਾਂ ਨੂੰ ਆਤਮ ਨਿਰਭਰ, ਅਨੁਸ਼ਾਸਨ ਵਿਚ ਰਹਿਣ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਨ ਲਈ ਹਰ ਸੰਭਵ ਯਤਨ ਕੀਤੇ ਗਏ ਹਨ, ਤਾਂ ਜੋ ਉਹ ਆਪਣੀ ਡਿਊਟੀ ਦੌਰਾਨ ਵਿਰੋਧੀ ਪ੍ਰਸਥਿਤੀ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ।
ਮਾਨਯੋਗ ਰਾਜਪਾਲ ਵਲੋਂ ਵੱਖ-ਵੱਖ ਇਨਡੋਰ ਤੇ ਆਊਟਡੋਰ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵ ਕਾਂਸਟੇਬਲਾਂ ਨੂੰ ਮੈਡਲ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿਚ ਬੈਚ ਨੰਬਰ 253 ਵਿਚ ਬੈਸਟ ਇਨ ਡਰਿੱਲ ਵਿਚ ਨੈਨੀਤਾਲ ਦੀ ਪੂਜਾ ਕੋਰਾਂਗਾ, ਓਵਰ ਆਲ ਸੈਕੰਡ ਮਹਾਰਾਸ਼ਟਰ ਦੀ ਮੁਰਾਲ ਸਆਲੀ, ਓਵਰ ਆਲ ਫਸਟ ਬਿਹਾਰ ਦੀ ਮਾਧਵੀ ਕੁਮਾਰੀ, ਬੈਸਟ ਇਨ ਸ਼ੂਟਿੰਗ ਪੱਛਮ ਬੰਗਾਲ ਦੀ ਸੁਸ਼ਮਿਤਾ ਚੌਧਰੀ ਤੇ ਬੈਸਟ ਇਨ ਇੰਡੋਰੈਂਸ ਵਿਚ ਮਹਾਰਾਸ਼ਟਰ ਦੀ ਪਟਲੇ ਊਸ਼ਾ ਨੇ ਮੈਡਲ ਪ੍ਰਦਾਨ ਕੀਤਾ। ਇਸ ਤਰ੍ਹਾਂ ਬੈਚ ਨੰਬਰ 254 ਵਿਚ ਓਵਰ ਆਲ ਸੈਕੰਡ ਮਹਾਰਾਸ਼ਟਰ ਦੀ ਸੋਨਾਲੀ ਸ਼ਿੰਦੇ, ਬੈਸਟ ਇਨ ਸ਼ੂਟਿੰਗ ਅਸਾਮ ਦੀ ਨਾਰਿਨਾ ਹਜਾਰਿਕਾ, ਓਵਰ ਆਲ ਫਸਟ ਅਤੇ ਬੈਸਟ ਇਨ ਇੰਡੋਰੈਂਸ ਮਹਾਰਾਸ਼ਟਰ ਦੀ ਮੁਕਤਾ ਭੀਮਰਾਜ ਤੇ ਬੈਸਟ ਇਨ ਡਰਿੱਲ ਤੇ ਪਰੇਡ ਕਮਾਂਡਰ ਪੱਛਮੀ ਬੰਗਾਲ ਦੀ ਸੁਸ਼ਮਿਤਾ ਮਲਿਕਾ ਨੇ ਮੁੱਖ ਮਹਿਮਾਨ ਤੋਂ ਮੈਡਲ ਪ੍ਰਾਪਤ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਨੇ ਹਥਿਆਰ ਅਤੇ ਫੋਟੋ ਪ੍ਰਦਰਸ਼ਨੀ, ਸੰਸਕ੍ਰਿਤਕ ਤੇ ਹਾਬੀ ਕਲੱਬ ਗਤੀਵਿਧੀਆਂ ਤਹਿਤ ਨਵ ਕਾਂਸਟੇਬਲ ਦੁਆਰਾ ਰੱਦੀ ਅਤੇ ਅਣਵਰਤੋਂਯੋਗ ਸਮਗਰੀ ਦਾ ਉਪਯੋਗ ਕਰਕੇ ਤਿਆਰ ਕੀਤੀ ਗਈ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦੇਖੀ। ਉਨ੍ਹਾਂ ਬੀ.ਐਸ.ਐਫ. ਬੈਂਡ ਦੀ ਧੁਨ ’ਤੇ ਇਨ੍ਹਾਂ ਨਵ ਕਾਂਸਟੇਬਲਾਂ ਦੁਆਰਾ ਗਾਇਆ ਗਿਆ ਬੀ.ਐਸ.ਐਫ. ਗੀਤਾ ਨੂੰ ਵੀ ਸੁਣਿਆ।
ਪਰੇਡ ਉਪਰੰਤ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਹੋਇਆ ਜਿਸ ਵਿਚ ਵੱਖ-ਵੱਖ ਰਾਜਾਂ ਦੇ ਨਵ ਕਾਂਸਟੇਬਲਾਂ ਨੇ ਆਪਣੇ ਰਾਜਾਂ ਦੇ ਲੋਕ ਨਾਚ ਨੂੰ ਅਨੇਕਤਾ ਵਿਚ ਏਕਤਾ ਦੇ ਸ਼ਾਨਦਾਰ ਉਦਾਹਰਣ ਦੇ ਰੂਪ ਵਿਚ ਪ੍ਰਦਰਸ਼ਤ ਕੀਤਾ। ਕੁਸ਼ਲਤਾ ਨਾਲ ਕੋਰਿਓਗ੍ਰਾਫਕ ਕੀਤਾ ਗਿਆ ਸੰਗੀਤਮਈ ਯੋਗ ਅਤੇ ਦੇਸ਼ ਭਗਤੀ ਗੀਤ ’ਤੇ ਸਮੂਹਿਕ ਪ੍ਰਦਰਸ਼ਨ ਨੇ ਪਰੇਡ ਗਰਾਊਂਡ ਵਿਚ ਪੂਰਾ ਮਾਹੌਲ ਰੋਮਾਂਚਿਤ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ। ਇਸ ਮੌਕੇ ਆਲ ਇੰਡੀਆ ਰੈਡ ਕਰਾਸ ਸੋਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ, ਕਮਾਂਡੈਂਟ ਸ੍ਰੀ ਐਸ.ਐਸ. ਮੰਡ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਐਸ.ਪੀ. (ਹੈਡਕੁਆਟਰ) ਸ੍ਰੀ ਅਸ਼ਵਨੀ ਕੁਮਾਰ, ਐਸ.ਡੀ.ਐਮ. ਸ੍ਰੀ ਸ਼ਿਵ ਰਾਜ ਸਿੰਘ ਬੱਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ, ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਲੋਕੇਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।